ਪੋਕਸੋ ਐਕਟ ਤਹਿਤ ਗ੍ਰਿਫ਼ਤਾਰ ਨੌਜਵਾਨ ਨੂੰ ਹਿਰਾਸਤ ਦੌਰਾਨ ਤਸ਼ੱਦਦ ਕਰਨ ਦੀ ਜਾਂਚ ਤੇਜ਼
ਅੰਬਾਲਾ, 29 ਜੁਲਾਈ:- ਪੋਕਸੋ ਐਕਟ ਦੇ ਤਹਿਤ ਗ੍ਰਿਫ਼ਤਾਰ ਨੌਜਵਾਨ ਨੂੰ ਹਿਰਾਸਤ ਦੌਰਾਨ ਤੀਜੇ ਦਰਜੇ ਦਾ ਤਸ਼ੱਦਦ ਕਰਨ ਦੀ ਜਾਂਚ ਤੇਜ਼ ਹੋ ਗਈ ਹੈ। ਦੋਸ਼ੀ ਨੌਜਵਾਨ ਦੀ ਤਹਿਰੀਰ ਤੇ ਬਣਾਈ ਗਈ ਵਿਸ਼ੇਸ਼ ਟੀਮ (ਸਿਟ) ਨੇ ਤਤਕਾਲੀ ਥਾਣਾ ਇੰਚਾਰਜ ਇੰਸਪੈਕਟਰ ਨੂੰ ਜਾਂਚ ਵਿਚ ਸ਼ਾਮਲ ਕਰ ਕੇ ਪੁੱਛ-ਗਿੱਛ ਕਰ ਲਈ ਹੈ ਅਤੇ ਉਸ ਨੂੰ ਅਦਾਲਤ ਵਿਚੋਂ ਨਿਯਮਤ ਜ਼ਮਾਨਤ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਜਦੋਂ ਕਿ ਮਾਮਲੇ ਵਿਚ ਸਹਿਦੋਸ਼ੀ ਬਣਾਈ ਗਈ ਏਐਸਆਈ ਰਾਮ ਭਤੇਰੀ ਨੂੰ ਦੁਬਾਰਾ ਨੋਟਿਸ ਜਾਰੀ ਕਰ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਐਫਆਈਆਰ ਨੰਬਰ 300 ਮਿਤੀ 24/09/2024 ਪੋਕਸੋ ਐਕਟ ਦੇ ਅੰਡਰ ਸੈਕਸ਼ਨ 6 ਵਿਚ ਗ੍ਰਿਫ਼ਤਾਰ ਸਾਹਿਲ ਮਸੀਹ ਪੁੱਤਰ ਪਤਰਸ ਨਿਵਾਸੀ ਸੀਐਨਆਈ ਚਰਚ ਸਦਰ ਬਜ਼ਾਰ ਅੰਬਾਲਾ ਜੋ ਕੇਂਦਰੀ ਜੇਲ੍ਹ ਅੰਬਾਲਾ ਵਿਚ ਬੰਦ ਸੀ, ਕੱਲ੍ਹ ਉਸ ਨੇ ਆਪਣੇ ਕਾਨੂੰਨੀ ਸਲਾਹਕਾਰ ਨਾਲ ਇਕ ਪ੍ਰੈੱਸ ਕਾਨਫ਼ਰੰਸ ਕਰਕੇ ਮੀਡੀਆ ਨੂੰ ਦੱਸਿਆ ਕਿ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਉੱਤੇ ਹਿਰਾਸਤ ਦੌਰਾਨ ਤਸ਼ੱਦਦ ਕੀਤਾ ਗਿਆ। ਉਸ ਨੇ ਦੋਸ਼ ਲਾਇਆ ਕਿ ਮਾਰ-ਕੁਟਾਈ ਕਰ ਕੇ ਉਸ ਦਾ ਗੋਡਾ ਬੁਰੀ ਤਰ੍ਹਾਂ ਸੁੱਜ ਗਿਆ ਅਤੇ ਉਸ ਦੇ ਗੁਪਤ ਅੰਗ ਵਿਚ ਵੀ ਇਨਫੈਕਸ਼ਨ ਹੋ ਗਈ ਜਿਸ ਕਰਕੇ ਉਸ ਨੂੰ ਚੱਲਣ-ਫਿਰਨ ਅਤੇ ਪਿਸ਼ਾਬ ਕਰਨ ਵਿਚ ਬਹੁਤ ਮੁਸ਼ਕਲ ਆ ਰਹੀ ਹੈ। ਉਸ ਦੀ ਸ਼ਿਕਾਇਤ ਤੇ ਅਦਾਲਤ ਨੇ ਮੈਡੀਕਲ ਕਰਵਾਇਆ ਸੀ ਅਤੇ ਉਸ ਸਮੇਂ ਪੁਲੀਸ ਨੇ ਝੂਠਾ ਦੋਸ਼ ਲਾਉਣ ਦੀ ਗੱਲ ਆਖੀ ਸੀ।
ਸਾਹਿਲ ਮਸੀਹ ਦੇ ਕਾਨੂੰਨੀ ਸਲਾਹਕਾਰ ਨੇ ਦੱਸਿਆ ਕਿ 13,14 ਅਤੇ 16 ਜੁਲਾਈ ਨੂੰ ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕੀਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਾਰੇ ਤੱਥ ਸਾਹਮਣੇ ਆਉਣਗੇ ਜਿਨ੍ਹਾਂ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਐਸਆਈਟੀ ਦੇ ਮੈਂਬਰ ਥਾਣਾ ਸਦਰ ਅੰਬਾਲਾ ਕੈਂਟ ਦੇ ਐਸਐਚਓ ਧਰਮਵੀਰ ਨੇ ਦੱਸਿਆ ਕਿ ਇੰਸਪੈਕਟਰ ਨੂੰ ਜਾਂਚ ਵਿਚ ਸ਼ਾਮਲ ਕਰਕੇ ਪੁੱਛ-ਗਿੱਛ ਕਰ ਲਈ ਗਈ ਹੈ ਅਤੇ ਉਸ ਨੂੰ ਅਦਾਲਤ ਵਿਚੋਂ ਜ਼ਮਾਨਤ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਮਲੇ ਵਿਚ ਸਹਿ ਦੋਸ਼ੀ ਏਐਸਆਈ ਰਾਮ ਭਤੇਰੀ ਨੂੰ ਵੀ ਦੁਬਾਰਾ ਨੋਟਿਸ ਜਾਰੀ ਕਰ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਐਸ.ਪੀ ਅੰਬਾਲਾ ਅਜੀਤ ਸਿੰਘ ਸ਼ੇਖ਼ਾਵਤ ਦਾ ਕਹਿਣਾ ਹੈ ਕਿ ਇੰਸਪੈਕਟਰ ਨੂੰ ਜਾਂਚ ਵਿਚ ਸ਼ਾਮਲ ਕਰ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।
