ਜੇਲ੍ਹ ਦੀ ਡਿਸਪੈਂਸਰੀ ਦੇ ਟਾਇਲਟ ਵਿਚ ਕੈਦੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਅੰਬਾਲਾ, 31 ਦਸੰਬਰ:- ਮੰਗਲਵਾਰ ਨੂੰ ਕੇਂਦਰੀ ਜੇਲ੍ਹ ਅੰਬਾਲਾ ਵਿਚ ਬੰਦ ਪਿੰਜੌਰ ਦੇ ਰਹਿਣ ਵਾਲੇ ਕੈਦੀ ਜਤਿੰਦਰ ਉਰਫ਼ ਕੱਲੂ ਦੀ ਲਾਸ਼ ਜੇਲ੍ਹ ਡਿਸਪੈਂਸਰੀ ਦੇ ਟਾਇਲਟ ਵਿੱਚ ਉਸ ਦੇ ਲੋਅਰ ਦੇ ਨਾਲ਼ੇ ਨਾਲ ਲਟਕਦੀ ਮਿਲੀ। ਸੂਚਨਾ ਮਿਲਣ ਤੇ ਸਵੇਰੇ 10 ਵਜੇ ਬਲਦੇਵ ਨਗਰ ਪੁਲੀਸ ਮੌਕੇ ਤੇ ਪਹੁੰਚੀ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈ ਜਿੱਥੇ ਅੱਜ ਡਾਕਟਰਾਂ ਦੇ ਪੈਨਲ ਵੱਲੋਂ ਉਸ ਦਾ ਪੋਸਟ ਮਾਰਟਮ ਕੀਤਾ ਗਿਆ। ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਸਹੀ ਕਾਰਨ ਪਤਾ ਲੱਗ ਸਕੇਗਾ।
ਕੈਦੀ ਜਤਿੰਦਰ 'ਤੇ 8 ਮਹੀਨੇ ਦੇ ਬੱਚੇ ਨੂੰ ਅਗਵਾ ਕਰਨ ਅਤੇ ਫਿਰ ਉਸ ਨੂੰ ਕਤਲ ਕਰਨ ਦਾ ਦੋਸ਼ ਲੱਗਾ ਸੀ। ਇਸ ਅਪਰਾਧ ਵਿੱਚ ਉਸ ਦੇ ਦੋ ਸਾਥੀ ਵੀ ਸ਼ਾਮਲ ਸਨ। ਉਨ੍ਹਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਸ਼ੁਰੂ ਵਿੱਚ ਬੱਚੇ ਦੀ ਮਾਂ ਨਾਲ ਬਲਾਤਕਾਰ ਕਰਨ ਦਾ ਇਰਾਦਾ ਬਣਾਇਆ ਸੀ ਪਰ ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਦੋਸ਼ੀ ਬੱਚੇ ਨੂੰ ਲੈ ਕੇ ਭੱਜ ਗਿਆ। ਰਾਤ ਨੂੰ ਜਦੋਂ ਬੱਚਾ ਰੋਣ ਲੱਗਾ ਤਾਂ ਦੋਸ਼ੀ ਨੇ ਉਸ ਦੇ ਮੂੰਹ ਵਿੱਚ ਇੱਕ ਸੇਬ ਤੁੰਨ ਦਿੱਤਾ ਜਿਸ ਨਾਲ ਬੱਚੇ ਦੀ ਮੌਤ ਹੋ ਗਈ। ਦੋਸ਼ੀ ਨੇ ਬੱਚੇ ਦੀ ਲਾਸ਼ ਨੂੰ ਜੰਗਲ ਵਿੱਚ ਦਫ਼ਨਾ ਦਿੱਤਾ।
ਇਸ ਘਟਨਾ ਤੋਂ ਬਾਅਦ ਜਤਿੰਦਰ ਨੂੰ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਛੇ ਦਿਨਾਂ ਦੇ ਰਿਮਾਂਡ ਤੋਂ ਬਾਅਦ ਉਸ ਨੂੰ ਅੰਬਾਲਾ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਜਤਿੰਦਰ ਦੀ ਲੱਤ ਵਿੱਚ ਗੈਂਗਰੀਨ ਸੀ ਇਸ ਲਈ ਉਹ ਅਕਸਰ ਬਿਮਾਰ ਰਹਿੰਦਾ ਸੀ। ਕਈ ਦਿਨਾਂ ਤੋਂ ਉਸ ਨੂੰ ਜੇਲ੍ਹ ਡਿਸਪੈਂਸਰੀ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਨੇ ਟਾੲਲਿਟ ਵਿਚ ਖ਼ੁਦਕੁਸ਼ੀ ਕਰ ਲਈ।
