ਪਿ੍ਰੰਸੀਪਲ ਹਰਭਜਨ ਸਿੰਘ ਵਿਚਾਰ ਮੰਚ ਵੱਲੋਂ ਵਿਚਾਰ ਚਰਚਾ ਅਤੇ ਸੰਗੀਤਕ ਸਮਾਰੋਹ ਕਰਵਾਇਆ ਗਿਆ
ਮਾਹਿਲਪੁਰ, 30 ਮਾਰਚ:- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਬਾਨੀ ਪਿ੍ਰੰਸੀਪਲ ਹਰਭਜਨ ਸਿੰਘ ਦੀ ਯਾਦ ਨੂੰ ਸਮਰਪਿਤ ਪਿ੍ਰੰਸੀਪਲ ਹਰਭਜਨ ਸਿੰਘ ਵਿਚਾਰ ਮੰਚ ਵਲੋਂ ਸਾਲਾਨਾ ਵਿਚਾਰ ਚਰਚਾ ਅਤੇ ਸੰਗੀਤਕ ਸਮਾਰੋਹ ਕਾਲਜ ਦੇ ਗਦਰੀ ਬਾਬਾ ਹਰਜਾਪ ਸਿੰਘ ਯਾਦਗਾਰੀ ਕਨਵੈਂਨਸ਼ਨ ਹਾਲ ਵਿੱਚ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰਿਆਂ ਵਜੋਂ ਉੱਘੇ ਚਿੰਤਕ ਡਾ ਪਿਆਰੇ ਲਾਲ ਗਰਗ ਅਤੇ ਸਿੱਖਿਆ ਸ਼ਾਸਤਰੀ ਸੁੱਚਾ ਸਿੰਘ ਖੱਟੜਾ ਨੇ ਸ਼ਿਰਕਤ ਕੀਤੀ।
ਸਮਾਰੋਹ ਦੀ ਸ਼ੁਰੂਆਤ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਪ੍ਰਭਅੰਸ਼ ਸਿੰਘ ਅਤੇ ਸਤਵੀਰ ਕੌਰ ਵਲੋਂ ‘ਮਿੱਤਰ ਪਿਆਰੇ ਨੂੰ’ ਦੇ ਸ਼ਬਦ ਗਾਇਣ ਨਾਲ ਹੋਈ। ਸਮਾਰੋਹ ਦੇ ਆਰੰਭ ਮੌਕੇ ਪ੍ਰੋਗਰਾਮ ਦੇ ਸੰਯੋਜਕ ਪ੍ਰੋ ਅਜੀਤ ਲੰਗੇਰੀ ਨੇ ਹਾਜ਼ਰ ਸ਼ਖ਼ਸੀਅਤਾਂ ਲਈ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਪਿ੍ਰੰਸੀਪਲ ਹਰਭਜਨ ਸਿੰਘ ਵਲੋਂ ਸਮਾਜ ਨੂੰ ਪਾਏ ਯੋਗਦਾਨ ਦੀ ਚਰਚਾ ਕੀਤੀ ਅਤੇ ਪ੍ਰੋਗਰਾਮ ਦੇ ਆਯੋਜਨ ਲਈ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ ਪਿਆਰੇ ਲਾਲ ਗਰਗ ਨੇ ਵਰਤਮਾਨ ਪੰਜਾਬੀ ਸਮਾਜ, ਰਾਜਨੀਤੀ, ਧਰਮ ਅਤੇ ਸਿੱਖਿਆ ਪ੍ਰਬੰਧ ਵਿੱਚ ਆ ਰਹੇ ਵਿਗਾੜ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭਿਆਚਾਰ ਬਾਬਾ ਫਰੀਦ ਵਲੋਂ ਦਿੱਤੇ ਜੀਵਨ ਮੁੱਲਾਂ ਦੀ ਪੈਰਵ੍ਹਾਈ ਕਰਨ ਵਾਲਾ ਹੈ ਜਿੱਥੇ ‘ਬਾਰ ਪਰਾਏ ਬੈਸਣਾ’ ਪੰਜਾਬੀ ਬੰਦੇ ਲਈ ਮਰ ਮਿਟ ਜਾਣ ਵਰਗਾ ਹੈ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਆਪਣੀਆਂ ਵੋਟਾਂ ਦੇ ਲਾਲਚ ਵਿੱਚ ਪੰਜਾਬੀ ਲੋਕਾਂ ਨੂੰ ਲੁਭਾਵਣੇ ਨਾਅਰੇ ਦੇ ਕੇ ਮੁਫ਼ਤਖੋਰੇ ਬਣਾ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭਿਆਚਾਰਕ ਮਾਡਲ ਸਵੈ ਮਾਣ, ਮਿਲਵਰਤਨ, ਪਿਆਰ ਤੇ ਸਾਂਝ ਦੀਆਂ ਤੰਦਾਂ ਨਾਲ ਉਸਰਿਆ ਹੈ ਪਰ ਅੱਜ ਕੱਲ੍ਹ ਦੇ ਸਮੇਂ ਹਰ ਪੇਸ਼ੇ ਵਿੱਚ ਉਪਭੋਗਤਾਵਾਦ ਭਾਰੂ ਹੁੰਦਾ ਜਾ ਰਿਹਾ ਹੈ ਜਿਸਦੇ ਲਈ ਸਾਨੂੰ ਆਪਣੇ ਧਾਰਮਿਕ ਵਿਰਸੇ ਤੇ ਉਸਾਰੂ ਸਾਹਿਤ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਡਾਕਟਰੀ ਕਿੱਤੇ, ਪੱਤਰਕਾਰੀ ਪੇਸ਼ੇ, ਸਿੱਖਿਆ ਅਤੇ ਧਰਮ ਆਦਿ ਦੇ ਹੋ ਰਹੇ ਵਪਾਰੀਕਰਨ ਬਾਰੇ ਮਿਸਾਲਾਂ ਸਹਿਤ ਦੱਸਿਆ ਤੇ ਇਸ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਡਾ ਸੁੱਚਾ ਸਿੰਘ ਖੱਟੜਾ ਨੇ ਪੰਜਾਬ ਦੀ ਸਿੱਖਿਆ ਦੇ ਪ੍ਰਸੰਗ ਵਿੱਚ ਆ ਰਹੀਆਂ ਚੁਣੌਤੀਆਂ ਬਾਰੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਅਧਿਆਪਕ ਸਮਾਜ ਦਾ ਸਭ ਤੋਂ ਵੱਧ ਰੌਸ਼ਨ ਵਰਗ ਹੁੰਦਾ ਹੈ ਪਰ ਇਸ ਵੇਲੇ ਅਧਿਆਪਕ ਪੇਸ਼ਾ ਅਤੇ ਸਿੱਖਿਆ ਪ੍ਰਬੰਧ ਅਨੇਕਾਂ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ। ਉਨ੍ਹਾਂ ਸਿੱਖਿਆ ਦੇ ਵਪਾਰੀਕਰਨ ਦੇ ਨਾਲ ਨਾਲ ਫਿਰਕੂਕਰਨ ਕਰਨ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸਦੀਆਂ ਜਿੰਮੇਵਾਰ ਧਿਰਾਂ ਨੂੰ ਕੋਸਿਆ।
ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਨੂੰ ਸਿਰਫ ਆਪਣੇ ਵਿਸ਼ੇ ਤੱਕ ਹੀ ਨਹੀਂ ਸਗੋਂ ਸਮਾਜਿਕ ਤੌਰ ‘ਤੇ ਵੀ ਚੇਤੰਨ ਨਾਗਰਿਕ ਵਜੋਂ ਆਪਣੀ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਅਧਿਆਪਕ ਜਥੇਬੰਦੀਆਂ ਨੂੰ ਆਪਣੀ ਨੀਤੀ ਦੇ ਨਵੇਂ ਰਸਤੇ ਅਖਤਿਆਰ ਕਰਨ ‘ਤੇ ਵੀ ਵਿਚਾਰ ਰੱਖੇ ਅਤੇ ਪੰਜਾਬੀਆਂ ਨੂੰ ਰਾਜਸੀ ਤੌਰ ‘ਤੇ ਲੋਕ ਪੱਖੀ ਚੇਤਨਾ ਨਾਲ ਲੈੱਸ ਹੋਣ ਦੀ ਪ੍ਰੇਰਨਾ ਵੀ ਦਿੱਤੀ।
ਸਮਾਰੋਹ ਮੌਕੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਅਤੇ ਖੇਡ ਪ੍ਰਮੋਟਰ ਰੌਸ਼ਨਜੀਤ ਪਨਾਮ ਨੇ ਪਿ੍ਰੰਸੀਪਲ ਹਰਭਜਨ ਸਿੰਘ ਦੇ ਯੋਗਦਾਨ ਸਮੇਤ ਖਾਲਸਾ ਕਾਲਜ ਮਾਹਿਲਪੁਰ ਦੀਆਂ ਵਿੱਦਿਅਕ ਤੇ ਖੇਡ ਪ੍ਰਾਪਤੀਆਂ ਬਾਰੇ ਦੱਸਿਆ। ਕਾਲਜ ਦੇ ਥੀਏਟਰੀਕਟਲ ਮੰਚ ਦੇ ਵਿਦਿਆਰਥੀ ਹਰਮਨ ਅਤੇ ਮੁਨੀਸ਼ ਨੇ ਭੰਡ ਕਲਾ ਦੁਆਰਾ ਰਾਜਸੀ, ਸਮਾਜਿਕ ਟੋਟਕੇ ਸੁਣਾ ਕੇ ਸਰੋਤਿਆਂ ਦੀ ਵਾਹਵਾ ਖੱਟੀ। ਇਸ ਮੌਕੇ ਪ੍ਰੋ ਸੁਰਜੀਤ ਜੱਜ ਦੀ ਪੇਸ਼ਕਾਰੀ ਅਤੇ ਗਾਇਕਾ ਪਰਮਜੀਤ ਕੌਰ ਦੀ ਗਾਇਣ ਜੁਗਲਬੰਦੀ ਨਾਲ ਪੇਸ਼ ਹੋਏ ਜੰਗ ਵਿਰੋਧੀ ਗੀਤਾਂ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।
ਕਾਲਜ ਦੇ ਪਿ੍ਰੰ ਡਾ ਪਰਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਸਕੱਤਰ ਪ੍ਰੋ ਅਪਿੰਦਰ ਸਿੰਘ ਮਾਹਿਲਪੁਰੀ,ਮੋਹਨ ਸਿੰਘ ਬੈਂਸ, ਪਿ੍ਰੰ ਸੁਖਚੈਨ ਸਿੰਘ, ਰਜਿੰਦਰ ਸਿੰਘ,ਪਿ੍ਰੰ ਸੁਰਜੀਤ ਸਿੰਘ, ਪਿ੍ਰੰ ਰਣਜੀਤ ਸਿੰਘ, ਬਲਦੇਵ ਸਿੰਘ, ਵਿਜੇ ਬੰਬੇਲੀ, ਬਲਜੀਤ ਸਿੰਘ ਬੈਂਸ, ਪਿ੍ਰੰ ਕੁਲਵਿੰਦਰ ਕੌਰ, ਮੈਡਮ ਦਲਵਿੰਦਰ ਜੀਤ, ਜਸਵਿੰਦਰ ਕੌਰ ਬੈਂਸ,ਹਰਵਿੰਦਰ ਸਿੰਘ, ਜੀਵਨ ਚੰਦੇਲੀ, ਬੰਤ ਸਿੰਘ ਬੈਂਸ, ਪ੍ਰੋ ਕੁਲਦੀਪ ਸਿੰਘ, ਪਿ੍ਰੰ ਸਰਬਜੀਤ ਸਿੰਘ, ਪ੍ਰੋ ਵਿਕਰਮ, ਰਘਬੀਰ ਸਿੰਘ ਕਲੋਆ, ਪ੍ਰੋ ਤਜਿੰਦਰ ਸਿੰਘ, ਰੁਪਿੰਦਰਜੋਤ ਬੱਬੂ, ਬੱਗਾ ਸਿੰਘ ਆਰਟਿਸਟ, ਸੁਖਮਨ ਸਿੰਘ, ਮਲਕੀਤ ਸਿੰਘ ਰਾਣਾ, ਲਖਵਿੰਦਰ ਸਿੰਘ, ਪਿ੍ਰੰਸ ਮਹੇ, ਹਰਵੀਰ ਮਾਨ ਆਦਿ ਸਮੇਤ ਅਨੇਕਾਂ ਪਤਵੰਤੇ ਹਾਜ਼ਰ ਸਨ।
