ਪ੍ਰਿੰ. ਹਰਭਜਨ ਸਿੰਘ ਕਲੱਬ ਵੱਲੋਂ ਚਰਨਜੀਤ ਸਿੰਘ ਬੈਂਸ ਨੂੰ ਸ਼ਰਧਾਂਜਲੀਆਂ ਭੇਂਟ
ਮਾਹਿਲਪੁਰ- ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਸਾਬਕਾ ਵਿਦਿਆਰਥੀ ਅਤੇ ਜੇਸੀਟੀ ਦੇ ਉੱਘੇ ਕੌਮਾਂਤਰੀ ਖਿਡਾਰੀ ਚਰਨਜੀਤ ਸਿੰਘ ਬੈਂਸ ਦੇ ਬੇਵਕਤੀ ਚਲਾਣੇ ਤੇ ਇੱਕ ਸ਼ੋਕ ਸਭਾ ਕੀਤੀ ਗਈ। ਜਿਸ ਵਿੱਚ ਹਾਜ਼ਰ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀ ਰੂਹ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਬੈਂਸ ਪਰਿਵਾਰ ਦੀ ਸਮਾਜ ਅਤੇ ਖੇਡ ਜਗਤ ਨੂੰ ਦਿੱਤੀ ਦੇਣ ਨੂੰ ਯਾਦ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਬੱਬੀ ਦੇ ਪਿਤਾ ਸ. ਰਾਮ ਜੀਤ ਸਿੰਘ ਬੈਂਸ ਸਿਕੰਦਰਪੁਰ ਇਸ ਕਲੱਬ ਦੇ ਫਾਊਂਡਰ ਪ੍ਰਬੰਧਕ ਸਕੱਤਰ ਅਤੇ ਅਨਾਊਂਸਰ ਰਹੇ ਹਨ।
ਉਨ੍ਹਾਂ ਦੇ ਵੱਡੇ ਭਰਾ ਸੇਵਾ ਮੁਕਤ ਐਸ ਪੀ ਸ਼ਵਿੰਦਰਜੀਤ ਸਿੰਘ ਬੈਂਸ ਕਲੱਬ ਦੇ ਨਾਲ ਨਾਲ ਪੰਜਾਬ ਦੀਆਂ ਖੇਡ ਅਤੇ ਸਮਾਜਿਕ ਜਥੇਬੰਦੀਆਂ ਵਿੱਚ ਆਪਣਾ ਨਿੱਗਰ ਯੋਗਦਾਨ ਪਾ ਰਹੇ ਹਨ। ਇਸੇ ਤਰ੍ਹਾਂ ਚਰਨਜੀਤ ਸਿੰਘ ਕਨੇਡਾ ਵਿੱਚ ਆਪਣੇ ਪੁਰਖਿਆਂ ਦੁਆਰਾ ਪਾਈਆਂ ਅਮੀਰ ਪਿਰਤਾਂ ਤੇ ਪਹਿਰਾ ਦੇ ਰਹੇ ਸਨ। ਉਹਨਾਂ ਦੇ 62 ਸਾਲ ਦੀ ਉਮਰ ਵਿੱਚ ਬੇਵਕਤੀ ਅਕਾਲ ਚਲਾਣੇ ਤੇ ਸਮੁੱਚਾ ਖੇਡ ਸੰਸਾਰ ਸ਼ੋਕ ਵਿੱਚ ਹੈ। ਡਾਕਟਰ ਪਰਮਪ੍ਰੀਤ ਕੈਂਡੋਵਾਲ ਨੇ ਕਿਹਾ ਕਿ ਉਹਨਾਂ ਦਾ ਅੰਤਿਮ ਸਸਕਾਰ ਕੰਟਰੀ ਹਿਲਸ ਅਤੇ ਭੋਗ ਦਸ਼ਮੇਸ਼ ਕਲਚਰਲ ਸੈਂਟਰ ਕੈਲਗਰੀ ਕਨੇਡਾ ਵਿੱਚ 13 ਸਤੰਬਰ, 2025 ਨੂੰ ਸਵੇਰੇ 10 ਵਜੇ ਪਾਇਆ ਜਾਵੇਗਾ।
ਇਸ ਸ਼ੋਕ ਸਭਾ ਵਿੱਚ ਪ੍ਰਿੰ. ਪਰਵਿੰਦਰ ਸਿੰਘ, ਤਰਲੋਚਨ ਸਿੰਘ ਸੰਧੂ, ਬਲਜਿੰਦਰ ਮਾਨ, ਡਾ.ਜੰਗ ਬਹਾਦਰ ਸੇਖੋਂ ,ਮਾਸਟਰ ਬਨਿੰਦਰ ਸਿੰਘ, ਅੱਛਰ ਕੁਮਾਰ ਜੋਸ਼ੀ, ਅਮਰੀਕ ਸਿੰਘ, ਹਰਦੇਵ ਸਿੰਘ ਢਿੱਲੋਂ, ਸੁਹੇਲ ਗਾਂਧੀ, ਤਕਦੀਰ ਸਿੰਘ, ਰੁਪਿੰਦਰ ਜੋਤ ਸਿੰਘ, ਜਗਜੀਤ ਸਿੰਘ ਗਣੇਸ਼ਪੁਰ, ਬਖਸ਼ੀਸ਼ ਸਿੰਘ ਬਾਗਲਾ, ਗੁਰਨਾਮ ਸਿੰਘ, ਜਗਜੀਤ ਸਿੰਘ ਘੁਮਿਆਲਾ ਹਾਜ਼ਰ ਹੋਏ।
