ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦਿਵਸ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਮਨਾਇਆ

ਹੁਸ਼ਿਆਰਪੁਰ- ਸਿਵਲ ਸਰਜਨ ਡਾ. ਬਲਬੀਰ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦਿਵਸ (PMSMA) ਮਨਾਇਆ ਗਿਆ। ਇਹ ਕੈਂਪ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਜਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਜਿਵੇਂ ਕਿ ਪੀ.ਐਚ.ਸੀਜ਼, ਸੀ.ਐਚ.ਸੀਜ਼, ਸਬ-ਡਿਵਿਜ਼ਨਲ ਹਸਪਤਾਲਾਂ ਅਤੇ ਜ਼ਿਲ੍ਹਾ ਹਸਪਤਾਲ ਵਿਖੇ ਆਯੋਜਿਤ ਕੀਤੇ ਜਾਂਦੇ ਹਨ। ਛੁੱਟੀ ਦੇ ਮੌਕੇ ‘ਤੇ ਇਹ ਕੈਂਪ ਅਗਲੇ ਦਿਨ ਲਗਾਏ ਜਾਂਦੇ ਹਨ। 
ਇਸ ਅਭਿਆਨ ਦਾ ਮੁੱਖ ਉਦੇਸ਼ ਗਰਭਵਤੀ ਔਰਤਾਂ ਨੂੰ ਜਣੇਪਾ ਪੂਰਵ ਦੇਖਭਾਲ (ANC) ਸੇਵਾਵਾਂ, ਜਰੂਰੀ ਟੈਸਟਾਂ ਅਤੇ ਇਲਾਜ ਦੀ ਮੁਫ਼ਤ ਸਹੂਲਤ ਪ੍ਰਦਾਨ ਕਰਨਾ ਹੈ ਤਾਂ ਜੋ ਮਾਂ ਅਤੇ ਬੱਚੇ ਦੀ ਸਿਹਤ ਸੁਨਿਸ਼ਚਿਤ ਕੀਤੀ ਜਾ ਸਕੇ। 
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਤੌਰ ‘ਤੇ ਮਹਿਲਾ ਰੋਗਾਂ ਦੇ ਮਾਹਰ, ਮੈਡੀਕਲ ਸਪੈਸ਼ਲਿਸਟ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਟੀਮ ਵੱਲੋਂ ਗਰਭਵਤੀ ਔਰਤਾਂ ਦੀ ਪੂਰੀ ਜਾਂਚ ਕੀਤੀ ਗਈ। 
ਉਨ੍ਹਾਂ ਕਿਹਾ ਕਿ ਇਸ ਅਭਿਆਨ ਤਹਿਤ ਦੂਸਰੀ ਅਤੇ ਤੀਜੀ ਤਿਮਾਹੀ ਦੀਆਂ ਸਾਰੀਆਂ ਗਰਭਵਤੀ ਔਰਤਾਂ ਦੀ ਘੱਟੋ-ਘੱਟ ਇੱਕ ਵਾਰ ਜਣੇਪਾ ਪੂਰਵ ਜਾਂਚ (ANC Check-up) ਸੁਨਿਸ਼ਚਿਤ ਕੀਤੀ ਜਾਂਦੀ ਹੈ।