ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਖਤ ਪਟਨਾ ਸਾਹਿਬ ਮੱਥਾ ਟੇਕਿਆ

ਪਟਨਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਟਨਾ ਵਿਚ ਰੋਡ ਸ਼ੋਅ ਮੁਕੰਮਲ ਕਰਨ ਤੋਂ ਬਾਅਦ ਤਖਤ ਪਟਨਾ ਸਾਹਿਬ ਪੁੱਜੇ ਤੇ ਮੱਥਾ ਟੇਕਿਆ। ਇਸ ਮੌਕੇ ਗੁਰਦੁਆਰੇ ਤੇ ਆਸ ਪਾਸ ਦੇ ਖੇਤਰਾਂ ਵਿਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਮ ਵੇਲੇ ਪਟਨਾ ਵਿੱਚ ਇੱਕ ਮੈਗਾ ਰੋਡ ਸ਼ੋਅ ਦੀ ਅਗਵਾਈ ਕੀਤੀ। ਇਸ ਮੌਕੇ ਜਨਤਾ ਦਲ (ਯੂ) ਦੇ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ, ਸੂਬਾ ਭਾਜਪਾ ਪ੍ਰਧਾਨ ਦਿਲੀਪ ਜੈਸਵਾਲ ਅਤੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਮੌਜੂਦ ਸਨ। ਇਸ ਮੌਕੇ ਮੋਦੀ ਨੇ ਸੜਕ ਦੇ ਦੋਵੇਂ ਪਾਸੇ ਅਤੇ ਇਮਾਰਤਾਂ ਦੇ ਉੱਪਰ ਖੜ੍ਹੇ ਲੋਕਾਂ ਦਾ ਪਿਆਰ ਕਬੂਲਿਆ। 
ਇਹ ਰੋਡ ਸ਼ੋਅ ਨਾਲਾ ਰੋਡ, ਠਾਕੁਰਵਾੜੀ ਅਤੇ ਬਾਕਰਗੰਜ ਵਿੱਚੋਂ ਲੰਘਣ ਤੋਂ ਬਾਅਦ ਗਾਂਧੀ ਮੈਦਾਨ ਨੇੜੇ ਉਦਯੋਗ ਭਵਨ ਵਿੱਚ ਸਮਾਪਤ ਹੋਇਆ। ਦੱਸਣਾ ਬਣਦਾ ਹੈ ਕਿ ਸ੍ਰੀ ਮੋਦੀ ਨੇ ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਪਟਨਾ ਵਿੱਚ ਇਸੇ ਤਰ੍ਹਾਂ ਦਾ ਰੋਡ ਸ਼ੋਅ ਕੀਤਾ ਸੀ।