ਤਿੰਨ ਰੋਜ਼ਾ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ਮੁਕੰਮਲ

ਨਵਾਂਸ਼ਹਿਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਤਿੰਨ ਦਿਨਾਂ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ਲੱਗਭਗ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਕਾਰਜਾਂ ਦੀ ਸਫਲਤਾ ਲਈ ਅਕਾਲ ਪੁਰਖ ਦੀ ਕਿਰਪਾ ਸਦਕਾ ਸਾਰੇ ਮੈਂਬਰ ਦਿਨ ਰਾਤ ਸੇਵਾ ਵਿਚ ਜੁਟੇ ਹੋਏ ਹਨ। 
ਇਸ ਸੰਬੰਧ ਵਿਚ ਸੋਸਾਇਟੀ ਦੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਰੋਟਰੀ ਭਵਨ ਵਿਖੇ ਹੋਈ।  ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਗਮਾਂ ਲਈ ਜੇ ਐਸ ਐਫ ਐਚ ਖਾਲਸਾ ਸਕੂਲ ਨਵਾਂਸ਼ਹਿਰ ਦੀ ਗਰਾਊਂਡ ਵਿੱਚ ਵਿਸ਼ਾਲ ਪੰਡਾਲ ਸਜਾਇਆ ਜਾ ਰਿਹਾ ਹੈ ਜਿਸ ਵਿਚ ਲਾਈਟ, ਸਾਂਊਡ ਸਿਸਟਮ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ।
 ਜ਼ਿਕਰਯੋਗ ਹੈ ਕਿ ਸੁਸਾਇਟੀ ਵੱਲੋਂ 25 ਅਕਤੂਬਰ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਮਹਾਨ ਕੀਰਤਨ ਦਰਬਾਰ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਪਹਿਲੇ ਦਿਨ ਦੀ ਅਰੰਭਤਾ ਭਾਈ ਸੁਖਵੀਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵਾਂਸ਼ਹਿਰ ਦੇ ਕੀਰਤਨੀ ਜੱਥੇ ਵਲੋਂ ਕੀਤੀ ਜਾਵੇਗੀ। 
ਸ਼ਾਮ 07:00 ਤੋਂ 08:00 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਜੀ ਦਾ ਜਥਾ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ। ਉਪਰੰਤ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਹੈਡ ਗ੍ਰੰਥੀ ਸਚਖੰਡ ਸ੍ਰੀ ਦਰਬਾਰ ਸਾਹਿਬ ਸੁਸਾਇਟੀ ਵਲੋ ਗਤੀਵਿਧੀਆਂ ਦੇ ਤਿਆਰ ਕੀਤਾ ਸੋਵੀਨਾਰ ਅਤੇ ਸਲਾਨਾ ਜੰਤਰੀ ਆਪਣੇ ਕਰ ਕਮਲਾਂ ਨਾਲ ਜਾਰੀ ਕਰਨਗੇ। ਉਹ ਸੰਗਤਾਂ ਨੂੰ ਸੰਬੋਧਨ ਵੀ ਕਰਨਗੇ। 
ਰਾਤ 8:15 ਤੋਂ 09:15 ਤੱਕ ਪੰਥ ਪ੍ਰਸਿੱਧ ਕੀਰਤਨੀ ਜੱਥਾ ਮੀਰੀ ਪੀਰੀ ਇੰਟਰਨੈਸ਼ਨਲ ਜਗਾਧਰੀ ਵਾਲੀਆਂ ਬੀਬੀਆਂ ਸੰਗਤਾਂ ਦੇ ਸਨਮੁੱਖ ਗੁਰਬਾਣੀ ਕੀਰਤਨ ਦੀ ਸਾਂਝ ਪਾਉਣਗੀਆਂ। 09:15 ਤੋਂ 10 ਵੱਜੇ ਤੱਕ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਸਾਹਿਬ ਕੈਨੇਡਾ ਵਾਲੇ ਗੁਰਮਤਿ ਵਿਚਾਰਾਂ ਅਤੇ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਜੋੜਨਗੇ।
ਉਨ੍ਹਾਂ ਨੇ ਇਲਾਕੇ ਭਰ ਦੀਆਂ ਸੰਗਤਾਂ ਨੂੰ ਵਹੀਰਾਂ ਘੱਤ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਉਨਾਂ ਨਾਲ ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ, ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ ਕੈਸ਼ੀਅਰ, ਹਰਸੁੱਖਪਾਲ ਸਿੰਘ ਗਰੇਵਾਲ, ਸੁਰਜੀਤ ਸਿੰਘ ਮਹਿਤਪੁਰੀ, ਗੁਰਿੰਦਰ ਸਿੰਘ ਤੂਰ, ਪਲਵਿੰਦਰ ਸਿੰਘ ਕਰਿਆਮ, ਤਰਲੋਚਨ ਸਿੰਘ ਖਟਕੜ ਕਲਾਂ, ਜਗਜੀਤ ਸਿੰਘ ਬਾਟਾ, ਇੰਦਰਜੀਤ ਸਿੰਘ ਬਾਹੜਾ, ਮੁਖਵਿੰਦਰਪਾਲ ਸਿੰਘ, ਕੁਲਜੀਤ ਸਿੰਘ ਖਾਲਸਾ,  ਮਨਮੋਹਨ ਸਿੰਘ, ਬਖਸ਼ੀਸ਼ ਸਿੰਘ ਸੈਣੀ, ਗੁਰਦੇਵ ਸਿੰਘ ਗਹੂੰਣ, ਜਸਕਰਨ ਸਿੰਘ ਹੰਸਰੋਂ, ਭਗਵਾਨ ਸਿੰਘ, ਹਕੀਕਤ ਸਿੰਘ, ਗਿਆਨ ਸਿੰਘ, ਦਲਜੀਤ ਸਿੰਘ ਮਹਿਤਪੁਰ, ਅਮਰੀਕ ਸਿੰਘ ਬਛੌੜੀ, ਜਗਤਾਰ ਸਿੰਘ ਖਾਲਸਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ, ਇੰਦਰਜੀਤ ਸ਼ਰਮਾ, ਦਿਲਬਾਗ ਸਿੰਘ ਉਸਮਾਨਪੁਰ, ਦਲਜੀਤ ਸਿੰਘ ਬਡਵਾਲ, ਹਰਪ੍ਰੀਤ ਸਿੰਘ ਹੈਪੀ ਸੋਹਣ ਸਿੰਘ ਉਸਤਾਦ, ਗੁਰਪਾਲ ਸਿੰਘ, ਹਰਵਿੰਦਰ ਸਿੰਘ ਹਾਈਵੇ ਟਾਇਰ ਅਤੇ ਦਰਸ਼ਨ ਸਿੰਘ ਸੈਣੀ ਵੀ ਮੌਜੂਦ ਸਨ।