ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਰਜਿ ਮੁੱਖ ਦਫਤਰ ਪਟਿਆਲਾ
ਪਟਿਆਲਾ:- ਅੱਜ ਮਿਤੀ 08—11—2025 ਨੂੰ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਰਜਿ: ਹੈਡ ਆਫਿਸ ਯੂਨਿਟ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਅਣਖੀ ਭਵਨ ਪਟਿਆਲਾ ਵਿਖੇ ਭਿੰਦਰ ਸਿੰਘ ਚਹਿਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ—ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਪਾਵਰਕਾਮ ਦੀਆਂ ਸੈਕੜੇ ਏਕੜ ਕਰੋੜਾਂ ਦੀਆਂ ਜਾਇਦਾਦਾਂ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੀ ਜ਼ੋਰਦਾਰ ਨਿਖੇਧੀ ਕੀਤੀ।
ਅਤੇ ਕੇਂਦਰੀ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬਿਜਲੀ ਬਿੱਲ 2025 ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਪਾਵਰਕਾਮ ਦੇ ਪੈਨਸ਼ਨਰ ਪੰਜਾਬ ਦੇ ਸਮੁੱਚੇ ਕਿਸਾਨਾਂ, ਮਜਦੂਰਾਂ, ਮੁਲਾਜਮਾਂ ਨੂੰ ਨਾਲ ਲੈ ਕੇ ਜ਼ੋਰਦਾਰ ਸੰਘਰਸ਼ ਵਿੱਢਣਗੇ। ਜਿਸ ਦੀ ਸਾਰੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।
ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸੰਸਥਾ ਵੱਲ ਵੱਧਣ ਲਈ ਹੀ ਪਿੱਛੇ ਜਿਹੇ ਥਰਮਲਾਂ ਦਾ ਬਹਾਨਾ ਬਣਾ ਕੇ ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਦੀਆਂ ਸੇਵਾਵਾਂ ਖਤਮ ਕਰਨ ਅਤੇ ਮੁੱਖ ਇੰਜੀਨੀਅਰ ਨੂੰ ਮੁਅੱਤਲ ਕੀਤਾ ਗਿਆ ਜ਼ੋ ਕਿ ਇੱਕ ਪਬਲਿਕ ਅਦਾਰਿਆਂ ਨੂੰ ਦਬਾਉਣ ਦੀ ਕੋਜੀ ਸਾਜਿਸ਼ ਦੀ ਵੀ ਨਿਖੇਧੀ ਕੀਤੀ ਗਈ। ਪੰਜਾਬ ਦੇ ਸਮੁੱਚੇ ਮੁਲਾਜਮਾਂ ਅਤੇ ਪੈਨਸ਼ਰਾਂ ਵੱਲੋਂ 16—11—2025 ਨੂੰ ਧੂਰੀ ਮੁੱਖ ਮੰਤਰੀ ਦੇ ਹਲਕੇ ਵਿਖੇ ਕੀਤੇ ਜਾ ਰਹੇ ਮੁਜਾਹਰੇ ਵਿੱਚ ਪਾਵਰਕਾਮ ਦੇ ਪੈਨਸ਼ਨਰਜ਼ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।
ਇਸ ਮੌਕੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਦੇ 1—1—2016 ਤੋਂ ਪਹਿਲਾਂ ਦੀ ਪੈਨਸ਼ਨ 2.59 ਨਾਲ ਸੋਧੀ ਜਾਵੇ, ਡੀ.ਏ. ਦੀਆਂ ਕਿਸ਼ਤਾਂ ਜ਼ੋ ਕਿ ਕੇਂਦਰ ਸਰਕਾਰ ਤੋਂ 16 ਪ੍ਰਤੀਸ਼ਤ ਘੱਟ ਦਿੱਤੀਆਂ ਜਾ ਰਹੀਆਂ ਹਨ ਵੀ ਤੁਰੰਤ ਦਿੱਤੀਆਂ ਜਾਣ, ਕੈਸ਼ ਲੈਸ ਸਕੀਮ ਦੁਬਾਰਾ ਜਾਰੀ ਕੀਤੀ ਜਾਵੇ ਅਤੇ ਰਹਿੰਦੇ ਬਕਾਏ ਜਲਦੀ ਜਾਰੀ ਕੀਤੇ ਜਾਣ ਆਦਿ ਮੰਗਾਂ ਨੂੰ ਲੈ ਕੇ ਮੀਟਿੰਗ ਹੋਈ।
ਇਸ ਮੌਕੇ ਇੰਜੀ: ਸੰਤੋਖ ਸਿੰਘ ਬੋਪਾਰਾਏ ਸੂਬਾ ਸਲਾਹਕਾਰ, ਹਰਸ਼ਰਨਜੀਤ ਕੌਰ, ਭਿੰਦਰ ਸਿੰਘ ਚਹਿਲ, ਹਰਜੀਤ ਸਿੰਘ, ਜਗਤਾਰ ਸਿੰਘ, ਹਰਬੰਸ ਸਿੰਘ ਟਿਵਾਣਾ, ਮਨਮੋਹਨ ਸਿੰਘ, ਅਮਰਜੀਤ ਸਿੰਘ, ਗੌਰੀ ਸ਼ੰਕਰ, ਅਮਰਜੀਤ ਸਿੰਘ ਵਾਲੀਆ ਰਿਟ: ਮੁੱਖ ਇੰਜੀਨੀਅਰ, ਅਮਰੀਕ ਸਿੰਘ, ਸਵਰਨ ਸਿੰਘ, ਦੀਵਾਨ ਸਿੰਘ, ਭਾਨ ਸਿੰਘ, ਬਲਬੀਰ ਸਿੰਘ, ਗੁਰਚਰਨ ਸਿੰਘ, ਆਦਿ ਨੇ ਸੰਬੋਧਨ ਕੀਤਾ।
