ਭਗਵਾਨ ਸ੍ਰੀ ਵਿਸ਼ਵਕਰਮਾ ਦਾ ਪੋਰਟਰੇਟ ਸਪੀਕਰ ਸੰਧਵਾਂ ਕੋਲੋਂ ਕਰਵਾਇਆ ਰਿਲੀਜ਼

ਪਟਿਆਲਾ- ਸ਼੍ਰੀ ਭਗਵਾਨ ਵਿਸ਼ਵਕਰਮਾ ਮੰਦਰ ਕਮੇਟੀ (ਰਜਿ. 1429), ਲਾਹੌਰੀ ਗੇਟ, ਪਟਿਆਲਾ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਕੋਲੋਂ ਚੰਡੀਗੜ੍ਹ ਵਿਖੇ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਵਿਸ਼ੇਸ਼ ਪੰਜਮੁਖੀ ਪੋਰਟਰੇਟ ਰਿਲੀਜ਼ ਕਰਵਾਇਆ ਗਿਆ।
ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਾਮਗੜੀਆ ਨੇ ਦੱਸਿਆ ਕਿ ਇਹ ਪੋਰਟਰੇਟ ਪ੍ਰਸਿੱਧ ਸਵਰਗੀ ਆਰਟਿਸਟ ਗੋਬਿੰਦਰ ਸੋਹਲ ਵੱਲੋਂ ਤਿਆਰ ਕੀਤਾ ਗਿਆ ਹੈ। ਪੋਰਟਰੇਟ ਵਿੱਚ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ ਪੰਜਮੁਖੀ ਸਰੂਪ ਨੂੰ ਦਰਸਾਇਆ ਗਿਆ ਹੈ, ਜਦਕਿ ਇਸ ਦੇ ਹੇਠਾਂ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਸੰਖੇਪ ਇਤਿਹਾਸ ਵੀ ਲਿਖਿਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਅਤੇ ਯੋਗਦਾਨ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇਗੀ। ਉਨ੍ਹਾਂ ਕਿਹਾ ਕਿ ਕਮੇਟੀ ਲੰਬੇ ਸਮੇਂ ਤੋਂ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ ਜੀਵਨ, ਸਿੱਖਿਆਵਾਂ ਅਤੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੈ ਅਤੇ ਇਹ ਪੋਰਟਰੇਟ ਵੀ ਉਸੇ ਲੜੀ ਦਾ ਇੱਕ ਹਿੱਸਾ ਹੈ।
ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਸਿਰਜਣਾਤਮਕਤਾ, ਕਿਰਤ ਅਤੇ ਹੁਨਰ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਸਮਾਜ ਨੂੰ ਆਪਣੇ ਮਹਾਨ ਪੁਰਖਾਂ ਦੀ ਵਿਚਾਰਧਾਰਾ ਅਤੇ ਵਿਰਾਸਤ ਨਾਲ ਜੋੜਨ ਲਈ ਅਜਿਹੇ ਉਪਰਾਲੇ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਮੇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨੌਜਵਾਨ ਪੀੜ੍ਹੀ ਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਵਿੱਚ ਸਹਾਈ ਸਾਬਤ ਹੋਵੇਗਾ।
ਇਸ ਮੌਕੇ ਕਮੇਟੀ ਦੇ ਚੇਅਰਮੈਨ ਰਾਮਕਿਸ਼ਨ ਰੱਲਣ, ਸੀਨੀਅਰ ਉਪ ਪ੍ਰਧਾਨ ਸੁਰਜੀਤ ਸਿੰਘ ਧੀਮਾਨ, ਮੀਤ ਪ੍ਰਧਾਨ ਬਲਜਿੰਦਰ ਸਿੰਘ ਜੰਡੂ, ਸਕੱਤਰ ਜਗਜੀਤ ਸਿੰਘ ਸੱਗੂ, ਪ੍ਰੈਸ ਸਕੱਤਰ ਗੁਰਦੀਪ ਸਿੰਘ ਮਹਿਲ, ਪ੍ਰਬੰਧਕ ਠੇਕੇਦਾਰ ਗੁਰਬਚਨ ਸਿੰਘ, ਖਜਾਨਚੀ ਅਮਨ ਗਹੀਰ, ਜਤਿੰਦਰ ਸਿੰਘ ਰਾਮਗੜੀਆ, ਸਤਵਿੰਦਰ ਸਿੰਘ ਮੰਟੂ ਅਤੇ ਰਾਮਗੜੀਆ ਸਮਾਜ ਦੇ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।