ਪੁਲਿਸ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ 15 ਮਾਮਲੇ ਦਰਜ
ਪਟਿਆਲਾ, 1 ਨਵੰਬਰ - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਖੇਤਾਂ ਵਿਚਲੀ ਪਰਾਲੀ ਅਤੇ ਰਹਿੰਦ ਖੂਹੰਦ ਨੂੰ ਅੱਗ ਨਾ ਲਾਉਣ ਦੀ ਅਪੀਲ, ਪ੍ਰੇਰਨਾ ਅਤੇ ਮਸ਼ੀਨਰੀ ਰਾਹੀਂ ਮਦਦ ਕਰਨ ਦੇ ਬਾਵਜੂਦ ਪ੍ਰਦੂਸ਼ਣ ਦੀ ਸਥਿਤੀ ਵਿੱਚ ਬਹੁਤਾ ਸੁਧਾਰ ਨਾ ਹੋਣ ਮਗਰੋਂ ਹੁਣ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਚੌਵੀ ਘੰਟਿਆਂ ਦੌਰਾਨ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਅਧੀਨ ਆਉਂਦੇ ਪਿੰਡਾਂ ਵਿੱਚ ਪਰਾਲੀ ਸਾੜਨ ਦੇ ਕਰੀਬ 15 ਮਾਮਲੇ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤੇ ਗਏ ਹਨ। ਸਦਰ ਸਮਾਣਾ ਪੁਲਿਸ ਥਾਣੇ ਅਧੀਨ ਆਉਂਦੇ ਤਿੰਨ ਪਿੰਡਾਂ ਲਲੌਛੀ, ਮਾਜਰੀ ਤੇ ਮਰੋੜੀ, ਸਦਰ ਰਾਜਪੁਰਾ ਦੇ ਭਟੇੜੀ ਤੇ ਬਸੰਤਪੁਰਾ, ਘਨੌਰ ਥਾਣੇ ਹੇਠ ਆਉਂਦੇ ਅਲਾਮਦੀਪੁਰ ਤੇ ਰਾਮਪੁਰ, ਸ਼ੰਭੂ ਥਾਣੇ ਦੇ ਮੋਹੀ ਕਲਾਂ ਤੇ ਸ਼ੰਭੂ ਕਲਾਂ, ਸਦਰ ਪਟਿਆਲਾ ਦੇ ਪਿੰਡ ਕੱਕੇਪੁਰ, ਭਾਦਸੋਂ ਦੇ ਪਿੰਡ ਦੰਦਰਾਲਾ ਖਰੌਡ ਤੇ ਜੁਲਕਾਂ ਥਾਣੇ ਦੇ ਤਿੰਨ ਪਿੰਡਾਂ ਮਸੀਂਗਣ, ਅਹਿਰੂ ਕਲਾਂ ਤੇ ਖਾਂਸਾ ਵਿੱਚ ਵੀ ਪਰਾਲੀ ਸਾੜ ਕੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਦਰਜ ਕੀਤੇ ਗਏ ਹਨ।
