ਪੁਲੀਸ ਡੀਏਵੀ ਸਕੂਲ ਨੇ ਇਕ ਰੋਜ਼ਾ ਸੀਬੀਐਸਈ ਇਨਹਾਊਸ ਸਮਰੱਥਾ ਨਿਰਮਾਣ ਸੈਮੀਨਾਰ ਕਰਵਾਇਆ

ਅੰਬਾਲਾ, 30 ਜੂਨ:- ਅੰਬਾਲਾ ਸ਼ਹਿਰ ਦੇ ਪੁਲੀਸ ਡੀਏਵੀ ਪਬਲਿਕ ਸਕੂਲ ਵਿਖੇ "ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ" ਥੀਮ ਤੇ ਇੱਕ ਰੋਜ਼ਾ ਸੀਬੀਐਸਈ ਇਨ-ਹਾਊਸ ਸਮਰੱਥਾ ਨਿਰਮਾਣ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਅਧਿਆਪਕਾਂ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਤਣਾਅ, ਚਿੰਤਾ ਤੇ ਉਦਾਸੀ ਵਰਗੇ ਮੁੱਦਿਆਂ ਨੂੰ ਹੱਲ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ।
ਸੈਮੀਨਾਰ ਦੌਰਾਨ ਸਕੂਲ ਦੇ ਪ੍ਰਿੰਸੀਪਲ ਡਾ. ਵਿਕਾਸ ਕੋਹਲੀ ਨੇ ਕਿਹਾ ਕਿ ਅਜਿਹੇ ਸੈਮੀਨਾਰ ਭਾਗੀਦਾਰਾਂ ਦੀ ਸੋਚ, ਸੰਚਾਰ, ਲੀਡਰਸ਼ਿਪ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਵਿਕਸਤ ਕਰਦੇ ਹਨ। ਉਨ੍ਹਾਂਂ ਨੇ ਸਿਹਤਮੰਦ ਜੀਵਨ ਜਿਊਣ ਲਈ ਇੱਕ ਸਿਹਤਮੰਦ ਮਨ ਦੀ ਜ਼ਰੂਰਤ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੋਵਾਂ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਇੱਕ ਸਕਾਰਾਤਮਿਕ ਮਾਨਸਿਕਤਾ ਅਪਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। 
ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਮਾਹੌਲ ਵਿੱਚ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਸਰੀਰਕ ਸਿਹਤ ਜਿੰਨਾ ਹੀ ਮਹੱਤਵਪੂਰਨ ਹੈ। ਤਣਾਅ ਨੂੰ ਸਕਾਰਾਤਮਿਕ ਢੰਗ ਨਾਲ ਸੰਭਾਲਣਾ ਚਾਹੀਦਾ ਹੈ ਅਤੇ ਲੋੜ ਪੈਣ 'ਤੇ ਮਦਦ ਲੈਣ ਤੋਂ ਝਿਜਕਣਾ ਨਹੀਂ ਚਾਹੀਦਾ। ਉਨ੍ਹਾਂ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਪੈਦਾ ਕਰਨਾ ਜਾਰੀ ਰੱਖਣ ਦੀ ਅਪੀਲ ਕੀਤੀ ਤਾਂ ਜੋ ਉਹ ਆਪਣਾ ਆਤਮ ਵਿਸ਼ਵਾਸ ਬਣਾਈ ਰੱਖਣ ਅਤੇ  ਨਕਾਰਾਤਮਿਕ ਵਿਚਾਰਾਂ ਤੋਂ ਬਚਣ।  ਉਨ੍ਹਾਂ ਨੇ ਅਜਿਹੇ ਸਮਾਗਮਾਂ ਨੂੰ ਨਿਯਮਿਤ ਤੌਰ 'ਤੇ ਆਯੋਜਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਸੇਵਾ ਮੁਕਤ ਪ੍ਰਿੰਸੀਪਲ ਸੰਸਕ੍ਰਿਤ ਵਿਦਵਾਨ ਡਾ. ਕਾਮਦੇਵ ਝਾਅ ਨੇ ਵੱਖ-ਵੱਖ ਮਿਥਿਹਾਸਿਕ ਕਹਾਣੀਆਂ ਰਾਹੀਂ ਭਾਗੀਦਾਰਾਂ ਦੀ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਮਹਾਂਭਾਰਤ ਅਤੇ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ  ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਮਾਨਸਿਕ ਤੌਰ 'ਤੇ ਸਿਹਤਮੰਦ ਵਿਅਕਤੀ ਆਤਮਵਿਸ਼ਵਾਸੀ, ਸੰਤੁਲਿਤ ਅਤੇ ਦੂਜਿਆਂ ਪ੍ਰਤੀ ਸੰਵੇਦਨਸ਼ੀਲ ਹੁੰਦਾ ਹੈ। ਉਹ ਸਬੰਧਾਂ ਨੂੰ ਚੰਗੀ ਤਰ੍ਹਾਂ ਬਣਾਈ ਰੱਖਦਾ ਹੈ ਅਤੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ। ਉਨ੍ਹਾਂ ਨੇ ਗੁਰੂ-ਸ਼ਿਸ਼ ਦੀ ਪਰੰਪਰਾ 'ਤੇ ਚਾਨਣਾ ਪਾਇਆ ਅਤੇ ਇਤਿਹਾਸ ਦੇ ਵੱਖ-ਵੱਖ ਤੱਥਾਂ ਤੇ ਘਟਨਾਵਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਨੇ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਦੀਆਂ ਵੱਖ-ਵੱਖ ਕਿਤਾਬਾਂ ਤੋਂ ਉਦਾਹਰਨਾਂ ਪੇਸ਼ ਕੀਤੀਆਂ।
ਸੈਮੀਨਾਰ ਦੇ ਮੁੱਖ ਬੁਲਾਰੇ ਸ਼੍ਰੀਮਤੀ ਮੰਜੂ ਸੁਥਾਰ ਨੇ ਜੀਵਨ ਵਿੱਚ ਮਾਨਸਿਕ ਸਿਹਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਰੀਰ ਵਿਚਲੇ ਸੱਤ ਚੱਕਰਾਂ ਦਾ ਵਰਣਨ ਕੀਤਾ ਅਤੇ ਅਧਿਆਪਕਾਂ ਨੂੰ ਸਾਹ ਲੈਣ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਬਾਰੇ ਦੱਸਿਆ। ਸਾਰੇ ਅਧਿਆਪਕਾਂ ਨੇ ਸਾਹ ਲੈਣ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਦਾ ਚੰਗੀ ਤਰ੍ਹਾਂ ਅਭਿਆਸ ਕੀਤਾ।
ਦੂਜੇ ਮੁੱਖ ਬੁਲਾਰੇ ਚੰਦਰ ਪ੍ਰਕਾਸ਼ ਨੇ ਮਾਨਸਿਕ ਸਿਹਤ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਸ ਨੇ ਵਿਦਿਆਰਥੀਆਂ ਨੂੰ ਤਣਾਅ ਦਾ, ਸਮੇਂ ਦਾ ਪ੍ਰਬੰਧਨ ਕਰਨ ਅਤੇ ਆਤਮ-ਵਿਸ਼ਵਾਸ ਵਧਾਉਣ ਦੇ ਕਈ ਤਰੀਕੇ ਵੀ ਪੇਸ਼ ਕੀਤੇ ਅਤੇ ਵਿਦਿਆਰਥੀਆਂ ਵਿੱਚ ਤਣਾਅ ਦੇ ਕਾਰਨਾਂ ਤੇ ਹੱਲ 'ਤੇ ਚਾਨਣਾ ਪਾਇਆ। ਉਸ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਾਨੂੰ ਚੰਗੇ ਸਰੋਤੇ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਕਈ ਸੰਬੰਧਿਤ ਵੀਡੀਓ ਵੀ ਦਿਖਾਏ।
ਇਸ ਸੈਮੀਨਾਰ ਵਿਚ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪ੍ਰਸ਼ਨ-ਉੱਤਰ ਸੈਸ਼ਨ ਵਿੱਚ ਆਪਣੀ ਉਤਸੁਕਤਾ ਪ੍ਰਗਟ ਕੀਤੀ। ਸੈਮੀਨਾਰ ਉਪਯੋਗੀ ਅਤੇ ਪ੍ਰੇਰਨਾਦਾਇਕ ਰਿਹਾ।