ਮਾਈਗ੍ਰੇਟਰੀ ਬੁਖਾਰ ਸਬੰਧੀ ਪੀਐਚਸੀ ਘੜੂੰਆਂ ਦੀ ਟੀਮ ਵੱਲੋਂ ਸਰਵੇਖਣ
ਘੜੂੰਆਂ, 15 ਸਤੰਬਰ:- ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ. ਸੰਗੀਤਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਦੀ ਅਗਵਾਈ ਹੇਠ ਪੀ.ਐਚ.ਸੀ. ਘੜੂੰਆਂ ਦੀ ਸਿਹਤ ਟੀਮ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਨੇੜੇ ਸਥਿਤ ਝੁੱਗੀ-ਝੌਂਪੜੀ ਖੇਤਰ ਵਿੱਚ ਮਾਈਗ੍ਰੇਟਰੀ ਬੁਖਾਰ ਸਬੰਧੀ ਵਿਸ਼ੇਸ਼ ਸਰਵੇਖਣ ਕੀਤਾ ਗਿਆ।
ਇਸ ਸਰਵੇਖਣ ਦੌਰਾਨ ਸਿਹਤ ਕਰਮਚਾਰੀ ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਪੀ.ਐਚ.ਸੀ. ਘੜੂੰਆਂ ਦੇ ਬ੍ਰੀਡਿੰਗ ਚੈਕਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਦੀ ਸਿਹਤ ਸਬੰਧੀ ਜਾਣਕਾਰੀ ਇਕੱਤਰ ਕੀਤੀ ਗਈ। ਬੁਖਾਰ ਜਾਂ ਬੁਖਾਰ ਨਾਲ ਸਬੰਧਤ ਲੱਛਣਾਂ ਵਾਲੇ ਵਿਅਕਤੀਆਂ ਦੀ ਜਾਂਚ ਲਈ ਰੈਪਿਡ ਡਾਇਗਨੌਸਟਿਕ ਟੈਸਟ (ਆਰ.ਡੀ.ਟੀ.) ਕਿੱਟਾਂ ਦੀ ਵਰਤੋਂ ਕੀਤੀ ਗਈ ਅਤੇ ਲੋੜ ਅਨੁਸਾਰ ਸਿਹਤ ਸਬੰਧੀ ਸਲਾਹ ਦਿੱਤੀ ਗਈ।
ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਨੇ ਕਿਹਾ ਕਿ ਮਾਈਗ੍ਰੇਟਰੀ ਆਬਾਦੀ ਵਾਲੇ ਖੇਤਰਾਂ ਵਿੱਚ ਸਮੇਂ-ਸਿਰ ਸਰਵੇਖਣ ਅਤੇ ਜਾਂਚ ਕਰਨਾ ਬਿਮਾਰੀਆਂ ਦੀ ਰੋਕਥਾਮ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬੁਖਾਰ, ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਹੋਰ ਸੰਬੰਧਿਤ ਸਿਹਤ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਸ਼ੱਕੀ ਮਾਮਲਿਆਂ ਦੀ ਤੁਰੰਤ ਜਾਂਚ ਯਕੀਨੀ ਬਣਾਈ ਜਾ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਆਪਣੇ ਪੱਧਰ ’ਤੇ ਦਵਾਈ ਲੈਣ ਦੀ ਬਜਾਏ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਰਵੇਖਣ ਦੌਰਾਨ ਪੂਰਾ ਸਹਿਯੋਗ ਦੇਣ।
