ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਉੱਤਰੀ ਰੇਲਵੇ ਨੇ ਸੇਵਾ ਮੁਕਤ ਹੋਏ ਡਾ ਨਿਰਮਲ ਸਿੰਘ ਦਾ ਕੀਤਾ ਸਨਮਾਨ
ਅੰਬਾਲਾ, 8 ਜੁਲਾਈ:- ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ (NR) ਅੰਬਾਲਾ ਦੀ ਅੱਜ ਮਾਸਿਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਵਿਨਾਸ਼ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਸੱਦੇ ਗਏ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦੇ ਸਾਬਕਾ ਮੰਡਲ ਸਕੱਤਰ ਕਾਮਰੇਡ ਡਾ. ਨਿਰਮਲ ਸਿੰਘ ਦੇ 30 ਜੂਨ ਨੂੰ ਸੇਵਾਮੁਕਤ ਹੋਣ 'ਤੇ ਉਨ੍ਹਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੈਂਬਰਾਂ ਵੱਲੋਂ ਡਵੀਜ਼ਨਲ ਸਕੱਤਰ ਰਹਿੰਦਿਆਂ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਕਾਮਰੇਡ ਨਿਰਮਲ ਸਿੰਘ ਨੇ ਆਪਣੇ ਜੀਵਨ ਸੰਘਰਸ਼ ਨੂੰ ਮੈਂਬਰਾਂ ਨਾਲ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਉਹ ਇੱਕ ਪੇਂਡੂ ਪਿਛੋਕੜ ਵਿੱਚੋਂ ਨਿਕਲ ਕੇ ਆਪਣੇ ਪੰਜਾਬੀ ਦੇ ਪ੍ਰੋਫੈਸਰ ਡਾ. ਰਤਨ ਸਿੰਘ ਢਿੱਲੋਂ ਅਤੇ ਆਪਣੇ ਤੋਂ ਪਹਿਲਾਂ ਰਹੇ ਮੰਡਲ ਸਕੱਤਰ ਸੀ. ਐੱਸ. ਬਾਜਵਾ ਤੋਂ ਪ੍ਰੇਰਨਾ ਲੈ ਕੇ ਅੱਗੇ ਵਧੇ।
ਮੀਟਿੰਗ ਵਿਚ ਭਾਰਤ ਪੈਨਸ਼ਨਰਜ਼ ਸਮਾਜ ਦੇ ਸੈਕਟਰੀ ਜਨਰਲ ਮਰਹੂਮ ਮਹੇਸ਼ਵਰੀ ਦੀ ਪਹਿਲੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਮੈਂਬਰਾਂ ਨੇ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਸ਼ੋਕ ਪ੍ਰਗਟ ਕੀਤਾ। ਐਸੋਸੀਏਸ਼ਨ ਦੇ ਬਾਨੀ ਪ੍ਰੇਮ ਚੰਦ ਕਸ਼ਯਪ ਨੇ ਮਹੇਸ਼ਵਰੀ ਵੱਲੋਂ ਪੈਨਸ਼ਨਰਾਂ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਦੇਹਾਂਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਰੇਲਵੇ ਪੈਨਸ਼ਨਰਾਂ ਦੇ ਮੌਜੂਦਾ ਮੁੱਦੇ ਈ-ਪਾਸ ਸਬੰਧੀ ਉਨ੍ਹਾਂ ਦੱਸਿਆ ਕਿ ਘੱਟ ਪੜ੍ਹੇ-ਲਿਖੇ ਅਤੇ ਬਜ਼ੁਰਗ ਰੇਲਵੇ ਪੈਨਸ਼ਨਰਜ਼ ਨੂੰ ਈ-ਪਾਸ ਲੈਣ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਨੇ ਇਸ 'ਤੇ ਵਿਚਾਰ ਕਰਨ ਦਾ ਭਰੋਸਾ ਤਾਂ ਦਿੱਤਾ ਹੈ ਪਰ ਕੋਈ ਅਧਿਕਾਰਤ ਐਲਾਨ ਨਾ ਹੋਣ ਕਾਰਨ ਇਹ ਮਾਮਲਾ ਅਜੇ ਜਿਉਂ ਦਾ ਤਿਉਂ ਖੜ੍ਹਾ ਹੈ।
ਸਕੱਤਰ ਪ੍ਰਕਾਸ਼ ਚੰਦਰ ਨੇ ਸਾਈਬਰ ਫਰਾਡ 'ਤੇ ਆਪਣੇ ਵਿਚਾਰ ਰੱਖੇ ਅਤੇ ਬਜ਼ੁਰਗਾਂ ਨੂੰ ਅਜਿਹੇ ਧੋਖਾਧੜੀ ਤੋਂ ਬਚਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਗਹਿਣ ਪੁਨਰ ਨਿਰੀਖਣ (SIR) ਮੁਹਿੰਮ ਤਹਿਤ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਫਾਰਮਾਂ ਨੂੰ ਭਰਨ ਦੇ ਤਰੀਕੇ ਬਾਰੇ ਵੀ ਚਾਨਣਾ ਪਾਇਆ। ਅਤੇ ਆਈ.ਟੀ.ਆਰ. (ITR) 31 ਜੁਲਾਈ ਤੱਕ ਭਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਜੁਲਾਈ ਮਹੀਨੇ ਵਿੱਚ ਆਉਣ ਵਾਲੇ ਸੱਤ ਮੈਂਬਰਾਂ ਦੇ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਏ ਗਏ ਅਤੇ ਮੈਂਬਰਾਂ ਉਨ੍ਹਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਮੰਗਤ ਰਾਮ, ਪ੍ਰਕਾਸ਼ ਚੰਦਰ, ਰਵਿੰਦਰ ਮਹਿਤਾ, ਸੁਰਿੰਦਰ ਨਿਝਾਵਨ ਅਤੇ ਐਸ. ਕੇ. ਭੋਰੀਆ ਸ਼ਾਮਲ ਸਨ। ਪ੍ਰਧਾਨ ਅਵਿਨਾਸ਼ ਗੁਪਤਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਸੇਵਾਮੁਕਤੀ ਤੋਂ ਬਾਅਦ ਐਸੋਸੀਏਸ਼ਨ ਦੀ ਮੈਂਬਰਸ਼ਿਪ ਲੈਣ ਵਾਲੇ ਨਵੇਂ ਮੈਂਬਰ ਸੁਨੀਲ ਕੁਮਾਰ ਦਾ ਸਵਾਗਤ ਕੀਤਾ।
