ਪੈਨਸ਼ਨਰ ਦਿਵਸ ਹੁਮ ਹੁੰਮਾਂ ਕੇ ਬੜੀ ਧੂਮਧਾਮ ਨਾਲ ਮਨਾਇਆ ਗਿਆ
ਹੁਸ਼ਿਆਰਪੁਰ:- ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਸਲਾਨਾ ਪੈਨਸ਼ਨਰ ਦਿਵਸ ਭਾਰਤ ਪੈਲਸ ਹੁਸ਼ਿਆਰਪੁਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਕਨਫੇਡਰੇਸ਼ਨ ਦੇ ਜਨਰਲ ਸਕੱਤਰ ਅਤੇ ਜਿਲਾ ਪ੍ਰਧਾਨ ਕੁਲਵਰਨ ਸਿੰਘ ਨੇ ਕੀਤੀ। ਇਹ ਸਮਾਗਮ ਪੈਨਸ਼ਨਰ ਜੱਥੇਬੰਦੀ ਦੇ ਹਰਮਨ ਪਿਆਰੇ ਮਰਹੂਮ ਸ੍ਰੀ ਮਹਿੰਦਰ ਸਿੰਘ ਪਰਿਵਾਨਾ ਜੀ ਨੂੰ ਸਮਰਪਿੱਤ ਕੀਤਾ ਗਿਆ।
ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਕੁੰਦਨ ਕੁਮਾਰ, ਰੀਜਨਲ ਮੈਨੇਜਰ, ਐਸ.ਬੀ.ਆਈ., ਸੁਤੈਹਰੀ ਰੋਡ ਹੁਸ਼ਿਆਰਪੁਰ, ਮੁੱਖ ਮਹਿਮਾਨ ਵਜੋਂ ਅਤੇ ਮਹਾਨ ਟ੍ਰੇਡ ਯੂਨੀਅਨ ਆਗੂ ਮਾਸਟਰ ਹਰਕੰਵਲ ਸਿੰਘ, ਸ੍ਰੀ ਜਵੰਦ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ, ਸ੍ਰੀ ਸਤੀਸ਼ ਰਾਣਾ ਕੋ-ਆਰਡੀਨੇਟਰ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦੌਰਾਨ ਸ਼ਾਮਿਲ ਹੋਏ। ਸਮਾਗਮ ਦੇ ਸ਼ੁਰੂ ਵਿੱਚ ਮੌਜੂਦਾ ਸਾਲ ਦੌਰਾਨ ਸਵਰਗ ਸੁਧਾਰ ਗਏ ਪੈਨਸ਼ਨਰ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਸ਼ਰਧਾਂਜਲੀ ਭੇਟ ਕੀਤੀ ਗਈ।
ਸਮਾਗਮ ਦੀ ਕਾਰਵਾਈ ਪ੍ਰੈਸ ਨੂੰ ਰਲੀਜ ਕਰਦਿਆਂ ਜਿਲ੍ਹਾ ਪ੍ਰੈੱਸ ਸਕੱਤਰ ਅਤੇ ਸੂਬਾਈ ਵਧੀਕ ਜਨਰਲ ਸਕੱਤਰ, ਬਲਵੀਰ ਸਿੰਘ ਸੈਣੀ ਨੇ ਦਸਿਆ ਕਿ ਸਮਾਗਮ ਸ਼ੁਰੂ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਸੂਰਜ ਪ੍ਰਕਾਸ਼ ਆਨੰਦ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਉਂਦਿਆਂ ਜਥੇਬੰਦੀ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ਾਂ ਅਤੇ ਜੱਥੇਬੰਦਕ ਗਤੀਵਿਧੀਆਂ ਤੇ ਵਿਸਥਾਰ ਸਹਿਤ ਚਾਨਣਾ ਪਾਇਆ। ਜਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਵਲੋਂ ਸਮਾਗਮ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਸ਼ਾਮਲ ਹੋਏ ਪੈਨਸ਼ਨਰ ਸਾਥੀਆਂ ਨੰਕ ਜੀ ਆਇਆ ਕਿਹਾ ਗਿਆ।
ਉਪਰੰਤ ਸ੍ਰੀ ਮਨਜੀਤ ਸਿੰਘ ਸੈਣੀ ਵੱਲੋਂ ਜਥੇਬੰਦਕ ਸਲਾਨਾ ਰਿਪੋਰਟ ਅਤੇ ਸ਼੍ਰੀ ਸੁਦੇਸ਼ ਚੰਦਰ ਸ਼ਰਮਾ ਵੱਲੋਂ ਵਿੱਤੀ ਰਿਪੋਰਟ ਪੇਸ਼ ਕੀਤੀ ਗਈ। ਉਪਰੋਕਤ ਦੋਵਾਂ ਰਿਪੋਰਟਾਂ ਨੂੰ ਇਕੱਤਰ ਪੈਨਸ਼ਨਰ ਸਾਥੀਆਂ ਦੇ ਹਾਊਸ ਵੱਲੋਂ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖਦਿਆਂ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੀਆਂ ਮੁਲਾਜ਼ਮਾਂ/ਪੈਨਸ਼ਨਰਾਂ ਪ੍ਰਤੀ ਮਾਰੂ ਨੀਤੀਆਂ ਦੀ ਸਖਤ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਬੁਲਾਰਿਆ ਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਪੰਜਾਬ ਦੇ ਪੈਨਸ਼ਨਰਜ਼ ਨੂੰ 2.59 ਦੇ ਗੁਣਾਂਕ ਨਾਲ ਸੋਧ ਕੇ ਪੈਨਸ਼ਨ ਦੇਣਾ, 28-11-2025 ਦਾ ਪੱਤਰ ਵਾਪਸ ਲੈ ਕੇ ਨੋਸ਼ਨਲ ਫਿਕਸੇਸ਼ਨ ਵਿਧੀ ਨੂੰ ਕੇਂਦਰ ਪੈਟਰਨ ਤੇ ਲਾਗੂ ਕੀਤਾ ਜਾਵੇ, ਮਹਿੰਗਾਈ ਭੱਤੇ ਦੀ ਦਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨ ਵਾਂਗ 42% ਵਧਾ ਕੇ 58% ਕੀਤੀ ਜਾਵੇ, 1.1.2016 ਤੋਂ 30.6.2021 ਤਕ ਦਾ ਬਕਾਇਆ ਯਕਮੁਸ਼ਤ ਜਾਰੀ ਕਰਨਾ, ਮੈਡੀਕਲ ਬਿੱਲਾਂ ਦੀ ਪ੍ਰਤੀ ਪੂਰਤੀ ਸਮਾਂ ਵੱਧ ਕੀਤੀ ਜਾਵੇ ਅਤੇ ਕੈਸ ਲੈਸ ਸਕੀਮ ਲਾਗੂ ਕੀਤੀ ਜਾਵੇ।
ਜੇ ਪਤੀ ਪਤਨੀ ਦੋਵੇਂ ਪੈਨਸ਼ਨਰ ਹਨ ਤਾਂ ਸਫਰੀ ਪੱਤਾ ਦੋਵਾਂ ਨੂੰ ਦਿੱਤਾ ਜਾਵੇ, ਮੈਡੀਕਲ ਭੱਤਾ 2000/- ਰੁਪਏ ਪ੍ਰਤੀ ਮਹੀਨਾ ਕਰਨ, ਜਨਵਰੀ 04 ਤੋਂ ਰੈਗੂਲਰ ਭਰਤੀ ਹੋਏ ਕਰਮਚਾਰੀਆਂ ਨੂੰ ਪੁਰਾਣੀ ਪੈਂਨਸ਼ਨ ਪ੍ਰਣਾਲੀ ਬਹਾਲ ਕਰਨ, ਸੀ.ਪੀ.ਐਫ. ਦੀ ਥਾਂ ਜੀ.ਪੀ.ਫੰਡ. ਬਹਾਲ ਕਰਨ, ਨਵੀਂ ਭਰਤੀ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਆਦਿ ਮੰਗਾਂ ਨਾ ਮੰਨਣ ਤੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੰਜਾਬ ਦੀ ਮਾਨ ਸਰਕਾਰ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ ਗਿਆ। ਬੁਲਾਰਿਆ ਨੇ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਸਮੇਂ ਸਮੇਂ ਤੇ ਕੀਤੇ ਜਾਂਦੇ ਸੰਘਰਸ਼ਾਂ ਵੇਲੇ ਵੀ ਸਰਕਾਰ ਮੀਟਿੰਗਾਂ ਦਾ ਸਮਾਂ ਦੇ ਕੇ ਗੱਲਬਾਤ ਤੋਂ ਭੱਜ ਜਾਂਦੀ ਰਹੀ ਹੈ।
ਆਗੂਆਂ ਨੇ ਸਾਰੀਆਂ ਸਰਕਾਰਾਂ ਦੀ ਕਾਰਗੁਜਾਰੀ ਵਿਰੁੱਧ ਬੋਲਦਿਆਂ ਦੋਸ਼ ਲਾਇਆ ਕਿ ਸਾਰੇ ਹੀ ਰਾਜਨੀਤਕ ਆਗੂਆਂ ਦੀ ਕਹਿਣੀ ਅਤੇ ਕਥਨੀ ਵਿੱਚ ਅੰਤਰ ਹੋਣ ਕਰਕੇ ਰਾਜਨੀਤਕ ਲੋਕ ਵਿਸ਼ਵਾਸ ਪਾਤਰ ਨਹੀਂ ਰਹੇ, ਇਸ ਕਰਕੇ ਉਨ੍ਹਾਂ ਪੈਨਸ਼ਨਰਾਂ ਨੂੰ ਅਗਲੇਰੇ ਸੰਘਰਸ਼ਾਂ ਲਈ ਤਿਆਰ ਬਰ ਤਿਆਰ ਰਹਿਣ ਤੇ ਜ਼ੋਰ ਦਿੱਤਾ। ਇਸ ਮੌਕੇ ਹਾਊਸ ਨੇ ਸਰਬ ਸੰਮਤੀ ਨਾਲ ਮੱਤਾ ਪਾਸ ਕੀਤਾ ਕਿ ਪੈਨਸ਼ਨਾਂ ਦੀ ਵਡੇਰੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ 6ਵਾਂ ਤਨਖਾਹ ਕਮਿਸ਼ਨ ਪੂਰਨ ਰੂਪ ਵਿੱਚ ਲਾਗੂ ਕੀਤਾ ਜਾਵੇ ਅਤੇ 16% ਡੀ.ਏ. ਦੀਆਂ ਕਿਸ਼ਤਾਂ ਅਤੇ ਡੀ.ਏ. ਦੇ ਬਕਾਏ ਤੁਰੰਤ ਅਤੇ ਯੱਕਮੁਸ਼ਤ ਜਾਰੀ ਕੀਤੇ ਜਾਣ।
ਇਸ ਮੌਕੇ ਜਿਲ੍ਹਾ ਪ੍ਰਧਾਨ ਵਲੋਂ 5 ਮਤੇ ਪੇਸ਼ ਕੀਤੇ ਗਏ ਜੋ ਹਾਜਰ ਪੈਨਸ਼ਨਰ ਸਾਥੀਆਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ।
1. ਪੰਜਾਬ ਸਰਕਾਰ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੁਆਰਾ ਸਿਫਾਰਸ਼ ਕੀਤਾ ਪੈਨਸ਼ਨ ਸੋਧ ਦਾ 2.59 ਗੁਣਾਕ ਪੈਨਸ਼ਨਾਂ ਨੂੰ ਨਹੀਂ ਦਿੱਤਾ ਗਿਆ ਅਤੇ ਹੁਣ 28-11-25 ਦੇ ਪੱਤਰ ਰਾਹੀਂ ਨੋਸ਼ਨਲ ਫਿਕਸੇਸ਼ਨ ਵਿਧੀ ਵੀ ਰੱਦ ਕਰ ਦਿੱਤੀ ਹੈ। ਇਸ ਕਾਰਵਾਈ ਦੀ ਹਾਜ਼ਰ ਪੈਨਸ਼ਨਰਾਂ ਵੱਲੋਂ ਨਿਖੇਧੀ ਕੀਤੀ ਜਾਂਦੀ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਮੁੜ ਵਿਚਾਰਦੇ ਹੋਏ ਸਿਫਾਰਸ਼ ਪੈਨਸ਼ਨ ਸੋਧ ਵਿਧੀਆਂ ਪੈਨਸ਼ਨਰਾਂ ਨੂੰ ਦਿੱਤੀਆਂ ਜਾਣ।
2. ਪੈਨਸ਼ਨਰ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੋਆਇੰਟ ਫਰੰਟ ਵੱਲੋਂ ਉਲੀਕੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
3. ਮੁਲਾਜ਼ਮਾਂ ਨਾਲ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਵੀ ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਦੀ ਅਗਵਾਈ ਵਿੱਚ ਕੀਤੇ ਜਾਂਦੇ ਸੰਘਰਸ਼ਾਂ ਵਿੱਚ ਵੀ ਜਿਲ੍ਹਾ ਜੱਥੇਬੰਦੀ ਦੀ ਅਗਵਾਈ ਵਿੱਚ ਸ਼ਾਮਿਲ ਹੋਇਆ ਜਾਵੇਗਾ।
4. ਜਨਤਕ ਜਥੇਬੰਦੀਆਂ ਦੀ ਮੰਗ ਅਨੁਸਾਰ ਬਿਜਲੀ ਸੋਧ ਬਿੱਲ, ਬੀਜ ਸੋਧ ਬਿਲ-2025, ਨਿੱਜੀਕਰਨ ਅਤੇ ਚਾਰ ਲੇਬਰ ਕੋਡ ਰੱਦ ਕੀਤੇ ਜਾਣ।
5. ਪੈਨਸ਼ਨਰ ਮੰਗਾਂ ਦਾ ਸਾਰਥਕ ਨਿਪਟਾਰਾ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ 1972 ਮੁੜ ਚਾਲੂ ਕੀਤੀ ਜਾਵੇ।
80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ
ਇਸ ਸਮੇਂ ਜੀਵਨ ਦੀਆਂ 80 ਬਹਾਰਾਂ ਪਾਰ ਕਰ ਚੁੱਕੇ ਆਏ ਹੋਏ ਪੈਨਸ਼ਨਰ ਮਹਿਮਾਨਾਂ ਨੂੰ ਦੁਸ਼ਾਲੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਹੁੰਚੇ ਪੱਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸ਼ਿਰਕਤ ਕਰਨ ਆਏ ਪੈਨਸ਼ਨਰਾਂ ਤੇ ਦਾਨੀ ਸੱਜਣਾਂ ਵੱਲੋਂ ਜਥੇਬੰਦੀ ਨੂੰ ਭਰਪੂਰ ਮਾਇਕ ਸਹਾਇਤਾ ਦਾਨ ਕੀਤੀ ਗਈ, ਜਿਸ ਲਈ ਜਿਲ੍ਹਾ ਪ੍ਰਧਾਨ ਵੱਲੋਂ ਧੰਨਵਾਦ ਕੀਤਾ ਗਿਆ।
ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਕੁੰਦਨ ਕੁਮਾਰ, ਰੀਜਨਲ ਮੈਨੇਜਰ, ਐਸ.ਬੀ.ਆਈ., ਸੁਤੈਹਰੀ ਰੋਡ ਹੁਸ਼ਿਆਰਪੁਰ, ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਵਾਇਆ।
ਇਸ ਮੌਕੇ ਮੁਲਾਜ਼ਮਾਂ ਦੇ ਸਿਰਮੌਰ ਆਗੂ ਰਹੇ ਮਾਸਟਰ ਹਰਕਮਲ ਸਿੰਘ, ਜਵੰਦ ਸਿੰਘ ਪ੍ਰਧਾਨ ਗੁਰਦਾਸਪੁਰ, ਮਨਜੀਤ ਸਿੰਘ ਸੈਣੀ ਜਿਲ੍ਹਾ ਜਰਨਲ ਸਕੱਤਰ ਅਤੇ ਮੀਤ ਪ੍ਰਧਾਨ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ, ਮਲਕੀਤ ਸਿੰਘ ਪ੍ਰਧਾਨ ਮਾਹਿਲਪੁਰ, ਸਰੂਪ ਚੰਦ ਪ੍ਰਧਾਨ ਤਹਿਸੀਲ ਗੜ੍ਹਸ਼ੰਕਰ, ਰਾਮ ਦਿੱਤਾ ਪ੍ਰਧਾਨ ਮੁਕੇਰੀਆਂ, ਅਜੀਤ ਸਿੰਘ ਗੁਰਾਇਆ ਪ੍ਰਧਾਨ ਟਾਂਡਾ, ਸ਼ਮਸ਼ੇਰ ਸਿੰਘ ਧਾਮੀ ਪ੍ਰਧਾਨ ਤਹਿਸੀਲ ਹੁਸ਼ਿਆਰਪੁਰ, ਸਤੀਸ਼ ਰਾਣਾ ਸੂਬਾ ਪ੍ਰਧਾਨ ਪ.ਸ.ਸ.ਫ. ਅਤੇ ਕਨਵੀਨਰ ਸਾਂਝਾ ਮੋਰਚਾ, ਡਾਕਟਰ ਸੁਖਦੇਵ ਸਿੰਘ ਢਿੱਲੋ, ਗਿਆਨ ਸਿੰਘ ਗੁਪਤਾ ਤਲਵਾੜਾ, ਦਲਵੀਰ ਸਿੰਘ ਭੁੱਲਰ ਦਸੂਹਾ, ਕੁਲਵੰਤ ਸਿੰਘ ਸੈਣੀ ਸੂਬਾ ਆਗੂ ਮਿਊਂਸਪਲ ਮੁਲਾਜ਼ਮ ਯੂਨੀਅਨ, ਬਲਵੀਰ ਸਿੰਘ ਸੈਣੀ ਜਿਲ੍ਹਾ ਪ੍ਰੈੱਸ ਸਕੱਤਰ, ਸੂਬਾਈ ਵਧੀਕ ਜਨਰਲ ਸਕੱਤਰ ਅਤੇ ਸੂਬਾ ਪ੍ਰਧਾਨ “ਦੀ ਵਰਕਿੰਗ ਰਿਪੋਰਟਜ਼ ਐਸੌਸੀਏਸ਼ਨ ਪੰਜਾਬ, ਇੰਡੀਆ”, ਅਤੇ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।
ਸਮਾਗਮ ਦੇ ਅੰਤ ਵਿੱਚ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਅਤੇ ਜਿਲਾ ਪ੍ਰਧਾਨ ਕੁਲਵਰਨ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਬੀਤੇ ਸਾਲ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ ਅਤੇ ਮੌਜੂਦਾ ਪੰਜਾਬ ਸਰਕਾਰ ਵਲੋਂ ਟਾਲਮਟੋਲ ਦੀ ਨੀਤੀ ਤਹਿਤ ਮੰਗਾਂ ਨਾ ਮੰਨਣ ਦੀ ਸਖਤ ਨਿਖੇਧੀ ਕੀਤੀ ਅਤੇ ਪੈਨਸ਼ਨਰ ਸਾਥੀਆਂ ਨੂੰ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਦਸੰਬਰ 2026 ਦੇ ਸਮਾਗਮ ਵਿੱਚ ਫਿਰ ਮਿਲਣ ਦੀ ਆਸ ਨਾਲ ਸਮਾਗਮ ਪ੍ਰੀਤੀ ਭੋਜਨ ਨਾਲ ਸਮਾਪਤ ਹੋਇਆ।
