ਪੀਈਸੀ ਲਈ ਮਾਣ ਦਾ ਪਲ, ਭਵਤੇਗ ਗਿੱਲ ਬਣੇ ਰਾਸ਼ਟਰੀ ਸ਼ੂਟਿੰਗ ਚੈਂਪੀਅਨ, 3 ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਕੀਤਾ ਆਪਣੇ ਨਾਮ

ਚੰਡੀਗੜ੍ਹ: 27 ਦਸੰਬਰ 2024- ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ, ਲਈ ਇੱਕ ਹੋਰ ਮਾਣ ਦਾ ਪਲ, ਏਰੋਸਪੇਸ ਇੰਜੀਨੀਅਰਿੰਗ ਵਿਭਾਗ ਦੇ ਚੌਥੇ ਸਾਲ ਦੇ ਵਿਦਿਆਰਥੀ ਸ਼੍ਰੀ ਭਵਤੇਗ ਸਿੰਘ ਗਿੱਲ ਨੇ 67ਵੀਂ ਰਾਸ਼ਟਰੀ ਸ਼ੂਟਿੰਗ (ਸਕੀਟ ਮੇਨ) ਚੈਂਪੀਅਨਸ਼ਿਪ-2024 ਵਿੱਚ ਰਾਸ਼ਟਰੀ ਚੈਂਪੀਅਨ ਬਣ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਹ ਮੁਕਾਬਲਾ 11 ਦਸੰਬਰ ਤੋਂ 25 ਦਸੰਬਰ 2024 ਤੱਕ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ।
ਸ਼੍ਰੀ ਗਿੱਲ ਨੇ ਸੀਨੀਅਰ ਕੈਟੇਗਰੀ ਵਿੱਚ 2 ਗੋਲਡ ਮੈਡਲ (ਵਿਆਕਤੀਗਤ ਅਤੇ ਟੀਮ) ਜਿੱਤੇ। ਇਸ ਤੋਂ ਇਲਾਵਾ, ਜੂਨੀਅਰ ਕੈਟੇਗਰੀ ਵਿੱਚ ਇਕ ਸਿਲਵਰ ਮੈਡਲ (ਵਿਆਕਤੀਗਤ) ਅਤੇ ਇਕ ਗੋਲਡ ਮੈਡਲ (ਟੀਮ) ਆਪਣੇ ਨਾਮ ਕੀਤਾ।
ਇਸ ਤੋਂ ਪਹਿਲਾਂ, ਸ਼੍ਰੀ ਭਵਤੇਗ ਸਿੰਘ ਗਿੱਲ ਨੇ 27 ਸਤੰਬਰ ਤੋਂ 7 ਦਸੰਬਰ 2024 ਤੱਕ ਲੀਮਾ, ਪੇਰੂ ਵਿੱਚ ਹੋਈ ISSF ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਇਟਲੀ ਦੇ ਪੋਰਪੇਟੋ ਵਿੱਚ ਹੋਈ ISSF ਜੂਨੀਅਰ ਵਰਲਡ-ਕਪ ਸ਼ਾਟਗਨ ਵਿੱਚ ਸਕੀਟ ਮੇਨ ਵਿਅਕਤੀਗਤ ਇਵੈਂਟ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਤੋਂ ਇਲਾਵਾ, ਉਹਨਾਂ ਨੇ ਨਵੰਬਰ 2024 ਵਿੱਚ FISU ਵਰਲਡ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਨੁਮਾਇੰਦਗੀ ਕਰਦਿਆਂ ਵਰਲਡ ਯੂਨੀਵਰਸਿਟੀ ਚੈਂਪੀਅਨ ਦਾ ਖਿਤਾਬ ਜਿੱਤਿਆ।
ਪੀਈਸੀ ਦੇ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ, ਡੀਨ ਸਟੂਡੈਂਟ ਅਫੇਅਰਜ਼ ਡਾ. ਡੀ.ਆਰ. ਪ੍ਰਜਾਪਤੀ ਅਤੇ ਐਸੋਸੀਏਟ ਡੀਨ ਡਾ. ਐਮ.ਪੀ. ਗਰਗ ਨੇ ਸ਼੍ਰੀ ਭਵਤੇਗ ਸਿੰਘ ਗਿੱਲ ਨੂੰ ਇਸ ਮਹਾਨ ਪ੍ਰਾਪਤੀ ਲਈ ਮੁਬਾਰਕਬਾਦ ਦਿਤੀ ਅਤੇ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਸ਼੍ਰੀ ਗਿੱਲ ਦੀ ਮਿਹਨਤ, ਸਮਰਪਣ ਅਤੇ ਪ੍ਰੇਰਣਾਦਾਇਕ ਪ੍ਰਦਰਸ਼ਨ ਦੀ ਵਡਿਆਈ ਕਰਦਿਆਂ ਕਾਲਜ ਲਈ ਮਾਣ ਦੇ ਪਲ ਦੀ ਸਰਾਹਨਾ ਕੀਤੀ।