ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਧਾਨ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਜਾਰੀ ਹੁਣ ਤੱਕ 42 ਫ਼ੀਸਦੀ ਆਮਦ ਹੋਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਕਤੂਬਰ: ਜ਼ਿਲ੍ਹੇ ਵਿੱਚ ਧਾਨ ਦੀ ਖਰੀਦ ਪ੍ਰਕਿਰਿਆ ਪੂਰੀ ਤਰ੍ਹਾਂ ਸੁਚਾਰੂ ਤੇ ਤੇਜ਼ੀ ਨਾਲ ਜਾਰੀ ਹੈ। ਅੱਜ ਤੱਕ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕੁੱਲ 2,01,199 ਮੀਟ੍ਰਿਕ ਟਨ ਦੇ ਅਨੁਮਾਨ ਮੁਤਾਬਕ 85,282 ਮੀਟ੍ਰਿਕ ਟਨ ਧਾਨ ਦੀ ਖਰੀਦ ਕੀਤੀ ਗਈ ਹੈ, ਜੋ ਕਿ ਕੁੱਲ ਆਮਦ ਦਾ 42 ਫ਼ੀਸਦੀ ਬਣਦੀ ਹੈ।
ਇਸ ਵਿੱਚੋਂ 62,332 ਮੀਟ੍ਰਿਕ ਟਨ ਧਾਨ ਦੀ ਉਠਾਈ ਹੋ ਚੁੱਕੀ ਹੈ, ਜਿਸ ਨਾਲ 72 ਘੰਟਿਆਂ ਅੰਦਰ 87 ਫ਼ੀਸਦੀ ਉਠਾਈ ਦਾ ਟੀਚਾ ਹਾਸਲ ਹੋਇਆ ਹੈ। ਏਜੰਸੀਆਂ ਵਿੱਚ ਪਨਸਪ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 101 ਫ਼ੀਸਦੀ ਲਿਫਟਿੰਗ ਕੀਤੀ, ਪੰਜਾਬ ਰਾਜ ਗੋਦਾਮ ਨਿਗਮ ਨੇ 94 ਫ਼ੀਸਦੀ, ਪਨਗਰੇਨ ਨੇ 85 ਫ਼ੀਸਦੀ ਤੇ ਮਾਰਕਫੈਡ ਨੇ 83 ਫ਼ੀਸਦੀ ਲਿਫਟਿੰਗ ਕੀਤੀ ਹੈ, ਜਦਕਿ ਐਫ.ਸੀ.ਆਈ. ਨੇ 11 ਫ਼ੀਸਦੀ ਚੁਕਾਈ ਕੀਤੀ ਹੈ।
ਭੁਗਤਾਨ ‘ਤੇ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਿਸਾਨਾਂ ਨੂੰ ਹੁਣ ਤੱਕ 197.47 ਰੁਪਏ ਕਰੋੜ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ, ਜੋ ਕਿ 181.55 ਕਰੋੜ ਰੁਪਏ ਦੇ ਬਕਾਇਆ ਦੇ ਮੁਕਾਬਲੇ 109 ਫ਼ੀਸਦੀ ਬਣਦਾ ਹੈ। ਇਸ ਤਰ੍ਹਾਂ ਸਾਰੀਆਂ ਏਜੰਸੀਆਂ ਵੱਲੋਂ 48 ਘੰਟਿਆਂ ਅੰਦਰ ਪੂਰਾ ਭੁਗਤਾਨ ਯਕੀਨੀ ਬਣਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹੇ ਵਿੱਚ ਚੱਲ ਰਹੀ ਖਰੀਦ ਕਾਰਵਾਈ ‘ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ ਅਤੇ ਖਰੀਦ ਏਜੰਸੀਆਂ, ਮੰਡੀ ਅਧਿਕਾਰੀਆਂ ਅਤੇ ਸਟਾਫ ਦੀ ਸਹਿਯੋਗਾਤਮਕ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਜੀਰੀ ਹੀ ਮੰਡੀਆਂ ਵਿੱਚ ਲੈ ਕੇ ਆਉਣ, ਤਾਂ ਜੋ ਖਰੀਦ ਅਤੇ ਭੁਗਤਾਨ ਦੀ ਪ੍ਰਕਿਰਿਆ ਹੋਰ ਵੀ ਸੁਚਾਰੂ ਤੇ ਤੁਰੰਤ ਹੋ ਸਕੇ।
