ਦੋਰਾਹਾ ਕਰਾਸਿੰਗ ਤੇ ਬਣੇਗਾ ਓਵਰਬ੍ਰਿਜ ਕੇਂਦਰੀ ਰਾਜ ਮੰਤਰੀ ਨੇ ਰੱਖਿਆ ਨੀਂਹ ਪੱਥਰ

ਅੰਬਾਲਾ, 18 ਫਰਵਰੀ:- ਅੰਬਾਲਾ ਰੇਲਵੇ ਡਿਵੀਜ਼ਨ ਦੇ ਖੇਤਰ ਵਿਚ ਪੈਂਦੇ ਦੋਰਾਹਾ ਰੇਲਵੇ ਕਰਾਸਿੰਗ ਤੇ ਓਵਰਬ੍ਰਿਜ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਤੇ 70.55 ਕਰੋੜ ਰੁਪਏ ਲਾਗਤ ਆਉਣ ਦੀ ਉਮੀਦ ਹੈ। ਇਹ ਓਵਰਬ੍ਰਿਜ ਚਾਰ-ਮਾਰਗੀ ਹੋਵੇਗਾ ਜਿਸ ਦੇ ਨਿਰਮਾਣ ਨਾਲ ਚੰਡੀਗੜ੍ਹ ਵੱਲ ਜਾਣ ਵਾਲੇ ਸੜਕ ਯਾਤਰੀਆਂ ਨੂੰ ਰਾਹਤ ਮਿਲੇਗੀ। ਰੇਲਵੇ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਲੈਵਲ ਕਰਾਸਿੰਗ ਨੰਬਰ 164-ਏਬੀ 'ਤੇ ਚਾਰ-ਮਾਰਗੀ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਿਆ ਹੈ। 
ਇਸ ਮੌਕੇ ਤੇ ਅੰਬਾਲਾ ਡਿਵੀਜ਼ਨ ਦੇ ਰੇਲਵੇ ਮੈਨੇਜਰ (ਡੀਆਰਐਮ) ਵਿਨੋਦ ਭਾਟੀਆ, ਮੁੱਖ ਇੰਜੀਨੀਅਰ ਸੜਕ ਸੁਰੱਖਿਆ ਪ੍ਰੋਜੈਕਟ ਰਾਜੀਵ ਰੰਜਨ ਰਾਜੂ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਰਾਜ ਮੰਤਰੀ ਨੇ ਕਿਹਾ ਕਿ ਸਥਾਨਕ ਨਿਵਾਸੀ ਅਤੇ ਵਪਾਰੀ 12 ਸਾਲਾਂ ਤੋਂ ਇਸ ਕਰਾਸਿੰਗ 'ਤੇ ਗੰਭੀਰ ਟ੍ਰੈਫਿਕ ਜਾਮ ਨਾਲ ਜੂਝ ਰਹੇ ਸਨ ਜਿਸ ਤੋਂ ਇਨ੍ਹਾਂ ਨੂੰ ਰਾਹਤ ਮਿਲੇਗੀ। 
ਜ਼ਿਕਰਯੋਗ ਹੈ ਕਿ ਇਹ ਰਸਤਾ ਲੁਧਿਆਣਾ ਨੂੰ ਰੂਪਨਗਰ, ਮੋਹਾਲੀ ਅਤੇ ਚੰਡੀਗੜ੍ਹ ਨਾਲ ਜੋੜਨ ਵਾਲਾ ਇੱਕ ਮੁੱਖ ਲਿੰਕ ਹੈ। ਇਸ ਲੈਵਲ ਕਰਾਸਿੰਗ ਤੋਂ ਰੋਜ਼ਾਨਾ 190 ਰੇਲਗੱਡੀਆਂ ਲੰਘਦੀਆਂ ਹਨ ਅਤੇ ਰੋਜ਼ਾਨਾ 3,000 ਤੋਂ ਵੱਧ ਵਾਹਨ ਯਾਤਰਾ ਕਰਦੇ ਹਨ।