ਵੈਟਨਰੀ ਯੂਨੀਵਰਸਿਟੀ ਨੇ ਪੌਸ਼ਟਿਕਤਾ ਮੁਹਿੰਮ ਅਤੇ ਦੁੱਧ ਸੰਬੰਧੀ ਮਿੱਥਾਂ ਤੋੜਨ ਦੀ ਵੀਡੀਓ ਤਿਆਰ ਕਰਕੇ ਮਨਾਇਆ ਰਾਸ਼ਟਰੀ ਦੁੱਧ ਦਿਵਸ

ਲੁਧਿਆਣਾ 26 ਨਵੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਨੇ ਦੋ ਪ੍ਰਮੁੱਖ ਗਤੀਵਿਧੀਆਂ ਨਾਲ ਕੌਮੀ ਦੁੱਧ ਦਿਵਸ ਮਨਾਇਆ। ਪਹਿਲੀ ਗਤੀਵਿਧੀ ਦੇ ਤਹਿਤ ਪੀਏਯੂ ਸਮਾਰਟ ਸਕੂਲ ਦੇ ਬੱਚਿਆਂ ਨੂੰ ਦੁੱਧ ਦੀ ਪੌਸ਼ਟਿਕਤਾ ਸੰਬੰਧੀ ਜਾਗਰੂਕਤਾ ਦਿੱਤੀ ਗਈ ਅਤੇ ਦੁਸਰੀ ਗਤੀਵਿਧੀ ਵਿੱਚ ਇਕ ਵੀਡੀਓ ਲੋਕ ਅਰਪਣ ਕੀਤੀ ਗਈ ਜਿਸ ਰਾਹੀਂ ਦੁੱਧ ਸੰਬੰਧੀ ਕਈ ਮਿੱਥਾਂ ਅਤੇ ਭਰਮ ਤੋੜੇ ਗਏ।
          ਕਾਲਜ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦੁੱਧ ਵਰਗੀ ਸਿਹਤਮੰਦ ਖੁਰਾਕ ਬਾਰੇ ਦੱਸਦਿਆਂ ਹੋਇਆਂ ਇਸ ਦੀ ਵਰਤੋਂ ਕਰਨ ਲਈ ਪ੍ਰੇਰਿਆ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਦੁੱਧ ਵਿੱਚ ਪ੍ਰੋਟੀਨ, ਕੈਲਸ਼ੀਅਮ, ਖਣਿਜ ਅਤੇ ਵਿਟਾਮਿਨ ਹੋਣ ਕਰਕੇ ਇਹ ਬਹੁਤ ਲਾਭਦਾਇਕ ਖੁਰਾਕ ਹੈ ਅਤੇ ਮਿੱਠੇ ਬਜ਼ਾਰੀ ਪੀਣ ਵਾਲੇ ਪਦਾਰਥਾਂ ਤੋਂ ਬਹੁਤ ਉਤਮ ਹੈ।
ਵਿਦਿਆਰਥੀਆਂ ਨੂੰ ਦੁੱਧ ਕਿਵੇਂ ਬਿਹਤਰ ਹੈ, ਪੈਕ ਕੀਤੇ ਦੁੱਧ ਦੀ ਮਹੱਤਤਾ ਅਤੇ ਉੱਚ ਤਾਪਮਾਨ ’ਤੇ ਸੰਭਾਲੇ ਦੁੱਧ ਸੰਬੰਧੀ ਪਾਈਆਂ ਜਾਂਦੀਆਂ ਗਲਤ ਧਾਰਣਾਵਾਂ ਬਾਰੇ ਦੱਸਦਿਆਂ ਹੋਇਆਂ ਇਕ ਵੀਡੀਓ ਫਿਲਮ ਵੀ ਤਿਆਰ ਕੀਤੀ ਗਈ।ਇਸ ਵੀਡੀਓ ਨੂੰ ਰਸਮੀ ਤੌਰ ’ਤੇ ਅੱਜ ਰਾਸ਼ਟਰੀ ਦੁੱਧ ਦਿਵਸ ਦੇ ਮੌਕੇ ’ਤੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਵੱਲੋਂ ਯੂਨੀਵਰਸਿਟੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਲੋਕ ਅਰਪਣ ਕੀਤਾ ਗਿਆ। ਇਹ ਗਤੀਵਿਧੀਆਂ ਡਾ. ਸੰਜੀਵ ਕੁਮਾਰ ਉੱਪਲ, ਡੀਨ, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਦੀ ਅਗਵਾਈ ਹੇਠ ਕੀਤੀਆਂ ਗਈਆਂ।
ਬੱਚਿਆਂ ਦੇ ਜਾਗਰੂਕਤਾ ਸੈਸ਼ਨ ਵਿੱਚ ਲਗਭਗ 250 ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿੱਚ ਪੋਸਟਰ ਪ੍ਰਦਰਸ਼ਨ ਅਤੇ ਵਿਚਾਰ ਵਟਾਂਦਰੇ ਰਾਹੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ। ਯੂਨੀਵਰਸਿਟੀ ਦੇ ਪ੍ਰਯੋਗਿਕ ਡੇਅਰੀ ਪ੍ਰਾਸੈਸਿੰਗ ਪਲਾਂਟ ਵਿਖੇ ਸੁਗੰਧਿਤ ਦੁੱਧ ਤਿਆਰ ਕਰਕੇ ਵੀ ਵਿਖਾਇਆ ਗਿਆ। ਬੱਚਿਆਂ ਨੂੰ ਗਰਮ ਚੌਕਲੇਟ, ਸਵਾਦ ਵਾਲੇ ਦੁੱਧ ਦਾ ਆਨੰਦ ਵੀ ਮਾਣਿਆ।
ਇਸ ਮੌਕੇ ’ਤੇ ਭਾਰਤ ਵਿੱਚ ਚਿੱਟੀ ਕ੍ਰਾਂਤੀ ਦੇ ਸਿਰਜਕ ਡਾ. ਵਰਗੀਸ ਕੁਰੀਅਨ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ ਇਹ ਸੰਕਲਪ ਕੀਤਾ ਗਿਆ ਕਿ ਆਮ ਸ਼ਹਿਰੀਆਂ ਲਈ ਸਾਫ ਸੁੱਥਰਾ ਦੁੱਧ ਮੁਹੱਈਆ ਕਰਵਾਉਣ ਲਈ ਪੂਰਨ ਯਤਨ ਕੀਤਾ ਜਾਵੇਗਾ।