ਨਾਵਲਕਾਰ ਮਹਿੰਦਰਪਾਲ ਸਿੰਘ ਧਾਲੀਵਾਲ ਨੂੰ 'ਤਾਸਮਨ ਪੁਰਸਕਾਰ' ਨਾਲ ਸਨਮਾਨਿਆ
ਪਟਿਆਲਾ, 19 ਦਸੰਬਰ- ਅਦਾਰਾ "ਤਾਸਮਨ" ਵੱਲੋਂ ਵਰਲਡ ਪੰਜਾਬੀ ਸੈਂਟਰ , ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਤਾਸਮਨ ਦਾ 16ਵਾਂ ਰਿਲੀਜ਼ ਕੀਤਾ ਗਿਆ ਅਤੇ ਪ੍ਰਸਿੱਧ ਨਾਵਲਕਾਰ ਮਹਿੰਦਰਪਾਲ ਸਿੰਘ ਧਾਲੀਵਾਲ ਯੂ.ਕੇ. ਨੂੰ "ਤਾਸਮਨ ਪੁਰਸਕਾਰ" ਪ੍ਰਦਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ ਡਾ. ਜਸਵਿੰਦਰ ਸਿੰਘ, ਕਹਾਣੀਕਾਰ ਕਿਰਪਾਲ ਕਜ਼ਾਕ ਅਤੇ ਡਾ. ਭੀਮ ਇੰਦਰ ਸਿੰਘ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਅਦਾਰਾ "ਤਾਸਮਨ" ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ, ਮੈਨੇਜਿੰਗ ਡਾਇਰੈਕਟਰ ਵਰਿੰਦਰ ਅਲੀਸ਼ੇਰ ਅਤੇ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਸ਼ਾਮਲ ਹੋਏ।
ਮੈਗਜ਼ੀਨ ਤਾਸਮਨ ਦਾ 16ਵਾਂ ਅੰਕ ਰਿਲੀਜ਼ ਕਰਦਿਆਂ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਰਸਾਲੇ ਸਾਹਿਤ ਦੀ ਵੰਨ ਸੁਵੰਨਤਾ ਅਤੇ ਸਮਕਾਲ ਦੇ ਸਾਹਿਤਕ ਦ੍ਰਿਸ਼ ਨੂੰ ਪੇਸ਼ ਕਰਦੇ ਹਨ ਜਿਨ੍ਹਾਂ ਦਾ ਪੰਜਾਬੀ ਸਾਹਿਤ ਵਿੱਚ ਵੱਡਾ ਯੋਗਦਾਨ ਹੁੰਦਾ ਹੈ। ਤਾਸਮਨ ਨੇ ਥੋੜ੍ਹੇ ਸਮੇਂ 'ਚ ਨਿਵੇਕਲਾ ਕਾਰਜ ਕਰਕੇ ਆਪਣਾ ਸਥਾਨ ਬਣਾਇਆ ਹੈ। ਕਿਰਪਾਲ ਕਜ਼ਾਕ ਨੇ ਕਿਹਾ ਕਿ ਸਮਕਾਲੀ ਸਮੇਂ 'ਚ ਰਸਾਲਿਆਂ ਨੂੰ ਕੱਢਣਾ, ਗੰਭੀਰ ਸਾਹਿਤ ਨੂੰ ਪਾਠਕਾਂ ਤਕ ਪਹੁੰਚਾਉਣਾ ਬਹੁਤ ਵੱਡਾ ਕੰਮ ਹੈ, ਜਿਸ ਨੂੰ ਤਾਸਮਨ ਅੰਜਾਮ ਦੇ ਰਿਹਾ ਹੈ। ਡਾ. ਭੀਮ ਇੰਦਰ ਸਿੰਘ ਨੇ ਸਮਕਾਲੀ ਪੰਜਾਬੀ ਰਸਾਲਿਆਂ ਬਾਰੇ ਵਧੀਆ ਟਿੱਪਣੀਆਂ ਕੀਤੀਆਂ।
ਇਸ ਤੋਂ ਬਾਅਦ ਯੂ.ਕੇ. ਰਹਿੰਦੇ ਨਾਵਲਕਾਰ ਮਹਿੰਦਰਪਾਲ ਸਿੰਘ ਧਾਲੀਵਾਲ ਨੂੰ ਉਹਨਾਂ ਦੀ ਸਮੁੱਚੀ ਸਿਰਜਣਾ ਅਤੇ ਬਿਹਤਰੀਨ ਅਨੁਵਾਦ ਦੇ ਅਧਾਰ 'ਤੇ 'ਤਾਸਮਨ ਸਨਮਾਨ' ਦਿੱਤਾ ਗਿਆ। ਉਹਨਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਪ੍ਰਸਿੱਧ ਆਲੋਚਕ ਡਾ. ਸੁਰਜੀਤ ਬਰਾੜ ਘੋਲੀਆ ਨੇ ਆਪਣੇ ਵਿਚਾਰ ਰੱਖੇ।
ਇਸ ਮੌਕੇ ਪ੍ਰਸਿੱਧ ਆਲੋਚਕ ਡਾ. ਧਨਵੰਤ ਕੌਰ, ਡਾ. ਲਕਸ਼ਮੀ ਨਾਰਾਇਣ ਭੀਖੀ, ਨਰਪਾਲ ਸ਼ੇਰਗਿੱਲ, ਡਾ. ਅਰਵਿੰਦਰ ਕੌਰ ਕਾਕੜਾ, ਜੰਗ ਸਿੰਘ ਫੱਟੜ, ਭਜਨ ਕੌਰ, ਡਾ. ਸੰਤੋਖ ਸੁੱਖੀ, ਡਾ. ਗੁਰਸੇਵਕ ਲੰਬੀ, ਬਲਵਿੰਦਰ ਭੱਟੀ, ਜਸਬੀਰ ਕੌਰ, ਨਰਿੰਦਰਪਾਲ ਕੌਰ, ਗੁਰਜੰਟ ਰਾਜੇਆਣਾ, ਸੁਖਵਿੰਦਰ ਸੁੱਖੀ, ਤਰਸੇਮ ਡਕਾਲਾ, ਸਾਹਿਲ ਬਤਰਾ, ਰਾਮ ਸਿੰਘ ਤਰਕਸ਼ੀਲ, ਬਲਵਿੰਦਰ ਸਿੰਘ, ਚਿੱਟਾ ਸਿੱਧੂ, ਚਮਕੌਰ ਬਿੱਲਾ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਨ ਸ਼ਾਇਰ ਦੀਪਕ ਧਲੇਵਾਂ ਨੇ ਕੀਤਾ। ਅੰਤ ਵਿੱਚ "ਤਾਸਮਨ" ਦੇ ਮੁੱਖ ਸੰਪਾਦਕ ਸਤਪਾਲ ਭੀਖੀ ਨੇ ਸਭਨਾਂ ਦਾ ਧੰਨਵਾਦ ਕੀਤਾ।
