ਨਸ਼ੇ ਨਾਲ ਜਿੰਦਗੀ ਦਾ ਕੋਈ ਸੁਪਨਾ ਪੂਰਾ ਨਹੀ ਹੁੰਦਾ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ
ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ, ਪਿੰਡ ਹੁਸੈਨਪੁਰ ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀ ਰਕੇਸ਼ ਕੁਮਾਰ (ਸਰਪੰਚ) ਜੀ ਨੇ ਕੀਤੀ।
ਇਸ ਮੌਕੇ ਤੇ ਸ. ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾਕਿ ਕਿ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਹਨ। ਜੋ ਕਿ ਸਾਡੇ ਭੱਵਿਖ ਲਈ ਬਹੁਤ ਵੱਡੀ ਸਮੱਸਿਆ ਬਣ ਗਈ ਹੈ। ਪਰ ਸਰਕਾਰ ਵਲੋਂ ਨਸ਼ੇ ਦੀ ਰੋਕਥਾਮ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ।
ਫਿਰ ਵੀ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ, ਜਿਸ ਦੇ ਨਤੀਜੇ ਨਕਾਰਾਤਮਕ ਆ ਰਹੇ ਹਨ। ਉਨਾਂ ਨੇ ਨਸ਼ਾ ਮੁਕਤ ਭਾਰਤ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ ਪੰਜਾਬ ਭਰ ਵਿੱਚ ਨਸ਼ੇ ਦੀ ਰੋਕਥਾਮ ਲਈ ਬਹੁਤ ਸਾਰੇ ਪੁਖਤਾ ਪ੍ਰਬੰਧ ਕੀਤੇ ਹਨ, ਨਸ਼ੇ ਦੇ ਆਦੀ ਵਿਅਕਤੀਆਂ ਲਈ ਮੁਫ਼ਤ ਹਸਪਤਾਲ ਖੋਲੇ ਹਨ, ਜਿੱਥੇ ਨਸ਼ੇ ਦਾ ਆਦੀ ਵਿਅਕਤੀ ਆਪਣੀ ਇੱਛਾ ਅਨੁਸਾਰ ਆਪਣਾ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ। ਉਨਾਂ ਨੇ ਕਿਹਾ ਸਾਨੂੰ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨਾ ਚਾਹੀਦਾ ਹੈ।
ਉਨਾਂ ਨੇ ਦੱਸਿਆ ਕਿ ਜਿਵੇਂ ਅਸੀਂ ਆਪਣੇ ਪਰਿਵਾਰ ਵਿੱਚ ਕਿਸੇ ਵੀ ਸਮੱਸਿਆ ਆਉਣ ਤੇ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਾਂ ਇਸ ਤਰਾਂ ਹੀ ਅਸੀਂ ਆਪਣੇ ਪਿੰਡ ਦੀ ਸਮੱਸਿਆ ਨੂੰ ਆਪਣੇ ਘਰ ਦੀ ਸਮੱਸਿਆ ਸਮਝ ਕੇ ਹੱਲ ਕਰਨਾ ਚਾਹੀਦਾ ਹੈ, ਜਿਸ ਨਾਲ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰ ਸਕਦੇ ਹਾ ਅਤੇ ਇਸ ਤਰਾਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ।
ਉਨਾਂ ਨੇ ਦੱਸਿਆ ਕਿ ਕਈ ਵਾਰ ਘਰ ਵਿੱਚ ਕੋਈ ਸਮੱਸਿਆ ਆਉਣ ਕਰਕੇ ਨੌਜਵਾਨ ਨਸ਼ੇ ਦਾ ਸਹਾਰਾ ਲੈ ਲੈਂਦਾ ਹੈ, ਜਿਸ ਨਾਲ ਉਹ ਹੋਲੀ ਹੋਲੀ ਹੈਰੋਇਨ ਵਰਗੇ ਵੱਡੇ ਨਸ਼ਿਆਂ ਦੇ ਸੇਵਨ ਕਰਨ ਲੱਗ ਪੈਂਦੇ ਹਨ। ਉਨਾਂ ਨੇ ਅਪੀਲ ਕੀਤੀ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ, ਉਨਾਂ ਦੀ ਹਰ ਇੱਕ ਸਮੱਸਿਆ ਦਾ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ, ਜਿਸ ਨਾਲ ਨੌਜਵਾਨ ਕਦੇ ਗਲਤ ਚੀਜਾਂ ਦੀ ਵਰਤੋਂ ਨਾ ਕਰ੍ਨ।
ਸ਼੍ਰੀ ਪਰਵੇਸ਼ ਕੁਮਾਰ(ਸਟਾਫ ਮੈਂਬਰ) ਨੇ ਸੈਂਟਰ ਵਿੱਖੇ ਮਰੀਜਾਂ ਦੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਕਿ ਕੋਈ ਵੀ ਨਸ਼ੇ ਦਾ ਆਦੀ ਵਿਆਕਤੀ ਆਪਣੀ ਇੱਛਾ ਅਨੁਸਾਰ ਇੱਕ ਮਹੀਨਾ ਦਾਖਿਲ ਰਹਿ ਕੇ ਮੁਫਤ ਇਲਾਜ ਕਰਵਾ ਸਕਦਾ ਹੈ, ਕਿਉਕਿ ਨਸ਼ਾ ਘਰ ਰਹਿ ਕੇ ਨਹੀਂ ਛੱਡਿਆ ਜਾ ਸਕਦਾ ,ਨਸ਼ੇ ਨੂੰ ਛੱਡਣ ਲਈ ਮਨੋਰੋਗਾਂ ਦੇ ਡਾਕਟਰ ਅਤੇ ਨਸ਼ੇ ਛੁਡਾਓ ਕੇਂਦਰਾਂ ਤੱਕ ਪਹੁੰਚ ਕਰਨੀ ਜਰੂਰੀ ਹੈ। ਨਸ਼ਾ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਰੋਗੀ ਬਣਾ ਦਿੰਦਾ ਹੈ।
ਇਸ ਮੌਕੇ ਤੇ ਸ਼੍ਰੀ ਰਕੇਸ਼ ਕੁਮਾਰ (ਸਰਪੰਚ) ਨੇ ਰੈੱਡ ਕਰਾਸ ਦੀ ਟੀਮ ਦਾ ਧੰਨਵਾਦ ਕਰਦਿਆਂ ਪਿੰਡ ਵਾਸੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਨਸ਼ੇ ਵਿਰੋਧੀ ਜਾਗਰੂਕਤਾ ਕੈਂਪਾਂ ਲਗਵਾਉਦੇ ਰਹਿਣਗੇ। ਇਸ ਮੌਕੇ ਤੇ ਪਿੰਡ ਵਾਸੀ ਰਣਜੀਤ ਸਿੰਘ, ਬਲਵੀਰ ਸਿੰਘ, ਜਸਵੰਤ ਰਾਏ, ਰਾਜ ਕੁਮਾਰ , ਕੁਲਵਿੰਦਰ ਕੌਰ(ਮਨਰੇਗਾ ਮੇਹਟ), ਬਲਵੀਰ ਚੰਦ, ਰਣਜੀਤ ਸਿੰਘ, ਗੁਰਬਚਨ ਰਾਮ, ਅਮਰੀਕ ਰਾਮ, ਸੁਰਜੀਤ ਰਾਮ, ਸੰਤੋਖ ਰਾਮ ਅਤੇ ਹੋਰ ਪਿੰਡ ਵਾਸੀ ਹਾਜਿਰ ਸਨ।
