ਨਿੱਕੀਆਂ ਕਰੂੰਬਲਾਂ ਸਦਾ ਮਹਿਕਦੀਆਂ ਤੇ ਟਹਿਕਦੀਆਂ ਰਹਿਣਗੀਆਂ ਮੰਨਾ ਸਿੰਘ
ਹੁਸ਼ਿਆਰਪੁਰ:- ਨਿੱਕੀਆਂ ਕਰੂੰਬਲਾਂ ਸਦਾ ਮਹਿਕਦੀਆਂ ਤੇ ਟਹਿਕਦੀਆਂ ਰਹਿਣਗੀਆਂ। ਇਹ ਵਿਚਾਰ ਜੇਜੋਂ ਦੇ ਚੌਕੀ ਇੰਚਾਰਜ ਥਾਣੇਦਾਰ ਮੰਨਾ ਸਿੰਘ ਨੇ ਇੱਕ ਸਾਹਿਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੇ। ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵੱਲੋਂ ਮਾਤ ਭਾਸ਼ਾ ਅਤੇ ਬਾਲ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਅਯੋਜਿਤ ਕੀਤੇ ਸਮਾਗਮ ਵਿੱਚ ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਨੂੰ ਬਾਲ ਸਾਹਿਤ ਦੀ ਆਕਸੀਜਨ ਵਾਂਗ ਜ਼ਰੂਰਤ ਹੈ।
ਜਿਹੜੇ ਵਿਦਿਆਰਥੀ ਬਾਲ ਪੁਸਤਕਾਂ ਅਤੇ ਬਾਲ ਰਸਾਲੇ ਪੜ੍ਹਦੇ ਹਨ ਉਹ ਬਾਕੀਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਨਿਕਲ ਜਾਂਦੇ ਹਨ। ਇੱਥੇ ਹੀ ਬੱਸ ਨਹੀਂ ਸਗੋਂ ਉਨ੍ਹਾਂ ਅੰਦਰ ਇਨਸਾਨੀ ਕਦਰਾਂ ਕੀਮਤਾਂ ਵਿਕਸਿਤ ਹੋ ਜਾਂਦੀਆਂ ਹਨ। ਜਿਨ੍ਹਾਂ ਦੀ ਸਾਡੇ ਸਮਾਜ ਨੂੰ ਅੱਜ ਬੇਹੱਦ ਜ਼ਰੂਰਤ ਹੈ। ਬਾਲ ਸਾਹਿਤ ਰਾਹੀਂ ਆਦਰਸ਼ ਨਾਗਰਿਕਾਂ ਦਾ ਨਿਰਮਾਣ ਹੁੰਦਾ ਹੈ।
ਨਿੱਕੀਆਂ ਕਰੂੰਬਲਾਂ ਬਾਲ ਰਸਾਲਾ ਪਿਛਲੇ ਤਿੰਨ ਦਹਾਕਿਆਂ ਤੋਂ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜ ਰਿਹਾ ਹੈ। ਜਿਸ ਵਾਸਤੇ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਅਤੇ ਕਰੂੰਬਲਾਂ ਪਰਿਵਾਰ ਵਧਾਈ ਦਾ ਹੱਕਦਾਰ ਹੈ। ਇਸ ਮੌਕੇ ਸੰਤ ਰਤਨ ਪ੍ਰਕਾਸ਼ ਨੇ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸਾਡਾ ਭਵਿੱਖ ਇਹਨਾਂ ਬੱਚਿਆਂ ਦੇ ਹੱਥਾਂ ਵਿੱਚ ਹੈ। ਜੇਕਰ ਇਹ ਨਿਰੋਈਆਂ ਪੁਸਤਕਾਂ ਪੜ੍ਹਨਗੇ ਤਾਂ ਹੀ ਇਨ੍ਹਾਂ ਦੀ ਸ਼ਖ਼ਸੀਅਤ ਨਿੱਗਰ ਬਣ ਸਕੇਗੀ।
ਡਾਕਟਰ ਦਲਜੀਤ ਸਿੰਘ ਅਜਨੋਹਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪੂਰੀ ਦੁਨੀਆਂ ਵਿੱਚ ਨਿੱਜੀ ਖੇਤਰ ਦਾ ਪੰਜਾਬੀ ਵਿੱਚ ਪ੍ਰਕਾਸ਼ਿਤ ਹੋਣ ਵਾਲਾ ਇਹ ਇੱਕੋ ਇੱਕ ਬਾਲ ਰਸਾਲਾ ਹੈ ਜਿਸ ਦਾ ਵਿਸ਼ਵ ਰਿਕਾਰਡ ਹੈ। ਦੁਆਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਹ ਰਸਾਲਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਨਿਰੰਤਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਬੀਰ ਸਿੰਘ, ਹਰਵੀਰ ਮਾਨ, ਜੈ ਸ਼ਰਮਾ, ਜਸਕਰਨ ਸਿੰਘ, ਜਤਿੰਦਰ ਕੁਮਾਰ, ਪਵਨ ਸਕਰੂਲੀ, ਮਨਜਿੰਦਰ ਹੀਰ ਸਮੇਤ ਵਿਦਿਆਰਥੀ ਅਤੇ ਮਾਪੇ ਸ਼ਾਮਿਲ ਹੋਏ।
