ਬਲਾਚੌਰ, 29 ਨਵੰਬਰ (ਜਤਿੰਦਰਪਾਲ ਸਿੰਘ ਕਲੇਰ) :- ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੇ ਮੁੜ ਬਣਨ ਨਾਲ ਸਿਆਸੀ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਵਿਰੋਧੀ ਧਿਰਾਂ ਦੇ ਹੌਸਲੇ ਪਸਤ ਹੋ ਗਏ ਹਨ। ਗਠਜੋੜ ਜਿਸ ਵੀ ਉਮੀਦਵਾਰ 'ਤੇ ਭਰੋਸਾ ਜਤਾਏਗਾ, ਬਲਾਚੌਰ ਦੇ ਸਮੂਹ ਵਰਕਰ ਇੱਕਜੁੱਟ ਹੋ ਕੇ ਉਸ ਨੂੰ ਵੱਡੀ ਜਿੱਤ ਦਿਵਾਉਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਲਾਚੌਰ ਦੇ ਭਾਜਪਾ ਹਲਕਾ ਇੰਚਾਰਜ ਚੌਧਰੀ ਅਸ਼ੋਕ ਬਾਠ ਰੱਤੇਵਾਲ (ਰਿਟਾਇਰਡ ਆਈ.ਪੀ.ਐਸ.) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਚੌਧਰੀ ਅਸ਼ੋਕ ਬਾਠ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਵੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੋਇਆ ਹੈ, ਪੰਜਾਬ ਵਿੱਚ ਗਠਜੋੜ ਦੀ ਹੀ ਸਰਕਾਰ ਬਣੀ ਹੈ। ਲੋਕਾਂ ਨੂੰ ਅੱਜ ਵੀ ਉਹ ਸੁਨਹਿਰੀ ਦੌਰ ਯਾਦ ਹੈ, ਜਦੋਂ ਪੰਜਾਬ ਵਿੱਚ ਸੜਕਾਂ, ਪੁਲਾਂ, ਮੰਡੀਆਂ ਅਤੇ ਪਿੰਡਾਂ ਦਾ ਚਾਰੇ ਪਾਸੇ ਵਿਕਾਸ ਹੋਇਆ ਸੀ। ਹੁਣ ਫਿਰ ਲੋਕਾਂ ਦੇ ਮਨਾਂ ਵਿੱਚ ਗਠਜੋੜ ਦੀ ਸਰਕਾਰ ਨੂੰ ਲੈ ਕੇ ਵੱਡੀ ਉਮੀਦ ਜਾਗੀ ਹੈ।
ਉਨ੍ਹਾਂ ਕਿਹਾ ਕਿ ਹਲਕਾ ਬਲਾਚੌਰ ਵਿੱਚ ਭਾਜਪਾ ਦਾ ਗ੍ਰਾਫ਼ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈ। ਪਿੰਡ-ਪਿੰਡ, ਸ਼ਹਿਰ-ਸ਼ਹਿਰ ਲੋਕ ਖੁਦ ਗਠਜੋੜ ਨਾਲ ਜੁੜ ਰਹੇ ਹਨ। ਨੌਜਵਾਨ, ਕਿਸਾਨ, ਵਪਾਰੀ, ਮਜ਼ਦੂਰ ਹਰ ਵਰਗ ਹੁਣ ਬਦਲਾਅ ਚਾਹੁੰਦਾ ਹੈ ਅਤੇ ਉਸ ਬਦਲਾਅ ਦਾ ਨਾਂ ਅਕਾਲੀ-ਭਾਜਪਾ ਗਠਜੋੜ ਹੈ।
ਪੰਜਾਬ ਦੀ ਕਾਨੂੰਨ-ਵਿਵਸਥਾ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਅਸ਼ੋਕ ਬਾਠ ਨੇ ਕਿਹਾ ਕਿ ਸਰਕਾਰ ਦੇ ਦਾਅਵਿਆਂ ਵਿੱਚ ਸ਼ੋਰ ਜ਼ਿਆਦਾ ਅਤੇ ਹਕੀਕਤ ਘੱਟ ਹੈ। ਕਾਨੂੰਨ-ਵਿਵਸਥਾ ਵਿਭਾਗ ਖੁਦ ਮੁੱਖ ਮੰਤਰੀ ਕੋਲ ਹੈ, ਪਰ ਇਸ ਦੇ ਬਾਵਜੂਦ ਹਾਲਾਤ ਬੇਹੱਦ ਖ਼ਰਾਬ ਹਨ। ਪਿੰਡਾਂ ਵਿੱਚ ਵੀ ਹੁਣ ਲੁੱਟਾਂ-ਖੋਹਾਂ ਅਤੇ ਚੋਰੀਆਂ ਵਧ ਗਈਆਂ ਹਨ। ਮੋਬਾਈਲ ਖੋਹਣ ਦੀਆਂ ਘਟਨਾਵਾਂ ਰੋਜ਼ਾਨਾ ਸੁਣਨ ਨੂੰ ਮਿਲ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮੋਟਰਸਾਈਕਲਾਂ 'ਤੇ ਦਾਤਰਾਂ ਲੈ ਕੇ ਘੁੰਮ ਰਹੇ ਨਸ਼ੇੜੀ ਰਾਹਗੀਰਾਂ ਨਾਲ ਲੁੱਟ-ਖੋਹ ਕਰਕੇ ਫਰਾਰ ਹੋ ਜਾਂਦੇ ਹਨ। ਲੋਕ ਘਰੋਂ ਨਿਕਲਣ ਸਮੇਂ ਵੀ ਘਬਰਾਹਟ ਮਹਿਸੂਸ ਕਰ ਰਹੇ ਹਨ। ਸੜਕਾਂ 'ਤੇ ਕਿਤੇ ਨਾਕਾਬੰਦੀ ਨਜ਼ਰ ਨਹੀਂ ਆਉਂਦੀ ਅਤੇ ਪੁੱਛਣ 'ਤੇ ਮੁਲਾਜ਼ਮਾਂ ਦੀ ਘਾਟ ਦਾ ਰੋਣਾ ਰੋਇਆ ਜਾਂਦਾ ਹੈ। ਇਹ ਸਭ ਸਰਕਾਰ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ।
ਅੰਤ ਵਿੱਚ ਚੌਧਰੀ ਅਸ਼ੋਕ ਬਾਠ ਨੇ ਦਾਅਵਾ ਕੀਤਾ ਕਿ ਭਾਜਪਾ ਇਸ ਵਾਰ ਨਵੀਂ ਰਣਨੀਤੀ, ਨਵੇਂ ਜੋਸ਼ ਅਤੇ ਨਵੇਂ ਇਰਾਦੇ ਨਾਲ ਚੋਣ ਮੈਦਾਨ ਵਿੱਚ ਉਤਰੇਗੀ। ਪੰਜਾਬ ਦੀ ਜਨਤਾ ਹੁਣ ਫਿਰ ਬਦਲਾਅ ਦੇਖਣਾ ਚਾਹੁੰਦੀ ਹੈ ਅਤੇ 2027 ਵਿੱਚ ਗਠਜੋੜ ਦੀ ਸਰਕਾਰ ਬਣਨਾ ਤੈਅ ਹੈ।
