ਹਾਂਸੀ (ਦਿਨਕਰ ਗਾਵੜੀ):- ਸੀਨੀਅਰ ਕਾਂਗਰਸੀ ਆਗੂ ਮਨੋਜ ਰਾਠੀ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਹੱਦਬੰਦੀ ਬਿੱਲ ਦਾ ਸਖ਼ਤ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਹੱਦਬੰਦੀ ਦੇ ਨਾਂ ’ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਸੂਬਿਆਂ ਨਾਲ ਬੇਇਨਸਾਫ਼ੀ ਕਰ ਰਹੀ ਹੈ। ਇਸ ਨੂੰ ਕੇਂਦਰ ਸਰਕਾਰ ਦੀ ਮਨਮਾਨੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਰਾਇ ਲਏ ਬਿਨਾਂ ਹੱਦਬੰਦੀ ਦੀ ਪ੍ਰਕਿਰਿਆ ਅੱਗੇ ਵਧਾਈ ਜਾ ਰਹੀ ਹੈ। ਇਸ ਵਿੱਚ ਉੱਤਰੀ ਭਾਰਤ ਦੇ ਸੂਬਿਆਂ ਦੀ ਆਬਾਦੀ ਦੇ ਅਨੁਪਾਤ ਮੁਤਾਬਕ ਲੋਕ ਸਭਾ ਦੀਆਂ ਸੀਟਾਂ ਘੱਟ ਵਧਾਈਆਂ ਜਾ ਰਹੀਆਂ ਹਨ, ਜਦਕਿ ਦੱਖਣੀ ਭਾਰਤ ਦੇ ਸੂਬਿਆਂ ਨੂੰ ਮੁਕਾਬਲਤਨ ਵੱਧ ਸੀਟਾਂ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਇਸ ਰਵੱਈਏ ਨਾਲ ਦੇਸ਼ ਵਿੱਚ ਖੇਤਰੀ ਵਿਤਕਰੇ ਦੀ ਖਾਈ ਹੋਰ ਡੂੰਘੀ ਹੋਵੇਗੀ।
ਮਨੋਜ ਰਾਠੀ ਨੇ ਕਿਹਾ ਕਿ ਹਰਿਆਣਾ ਦੀ ਆਬਾਦੀ ਕਰੀਬ 4.5 ਕਰੋੜ ਹੋਣ ਦੇ ਬਾਵਜੂਦ ਹੱਦਬੰਦੀ ਤੋਂ ਬਾਅਦ ਸੂਬੇ ਦੀਆਂ ਲੋਕ ਸਭਾ ਸੀਟਾਂ ਸਿਰਫ਼ 15 ਰਹਿਣ ਦੀ ਗੱਲ ਸਾਹਮਣੇ ਆ ਰਹੀ ਹੈ, ਜਦਕਿ ਕੇਰਲ ਦੀ ਆਬਾਦੀ ਕਰੀਬ 2.5 ਕਰੋੜ ਹੋਣ ਦੇ ਬਾਵਜੂਦ ਉੱਥੇ ਸੀਟਾਂ ਦੀ ਗਿਣਤੀ 30 ਤੱਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਹਰਿਆਣਾ ਨਾਲ ਵੱਡੀ ਬੇਇਨਸਾਫ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਹੱਦਬੰਦੀ ਆਬਾਦੀ ਦੇ ਅਨੁਪਾਤ ਅਨੁਸਾਰ ਹੋਣੀ ਚਾਹੀਦੀ ਹੈ, ਤਾਂ ਜੋ ਸਾਰੇ ਸੂਬਿਆਂ ਨੂੰ ਉਚਿਤ ਨੁਮਾਇੰਦਗੀ ਮਿਲ ਸਕੇ। ਉਨ੍ਹਾਂ ਸਵਾਲ ਕੀਤਾ ਕਿ ਹਰਿਆਣਾ ਦੇ ਭਾਜਪਾ ਆਗੂ ਇਸ ਮੁੱਦੇ ’ਤੇ ਚੁੱਪ ਕਿਉਂ ਹਨ? ਲੋਕ ਸਭਾ ਵਿੱਚ ਸੂਬੇ ਦੀ ਹਿੱਸੇਦਾਰੀ ਘਟਣ ਨਾਲ ਭਵਿੱਖ ਵਿੱਚ ਹਰਿਆਣਾ ਦੇ ਹਿੱਤ ਪ੍ਰਭਾਵਿਤ ਹੋਣਗੇ।
ਮਨੋਜ ਰਾਠੀ ਨੇ ਕਿਹਾ ਕਿ ਇਸ ਮੁੱਦੇ ’ਤੇ ਭਾਜਪਾ ਸਰਕਾਰ ਦੀ ਨੀਅਤ ਸ਼ੁਰੂ ਤੋਂ ਹੀ ਨਕਾਰਾਤਮਕ ਰਹੀ ਹੈ। ਇਹੀ ਕਾਰਨ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਪਾਰਟੀ ਨਵੀਂ ਹੱਦਬੰਦੀ ਦਾ ਵਿਰੋਧ ਕਰ ਰਹੀ ਹੈ। ਲੋਕਾਂ ਦੇ ਅਧਿਕਾਰਾਂ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਸੂਬਿਆਂ ਨਾਲ ਇਨਸਾਫ਼ ਦੀ ਮੰਗ ਨੂੰ ਲੈ ਕੇ ਕਾਂਗਰਸ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਹਰਿਆਣਾ ਦੇ ਭਾਜਪਾ ਆਗੂਆਂ ਨੂੰ ਆਪਣੀ ਸਰਕਾਰ ਤੋਂ ਜਵਾਬ ਮੰਗਣ ਦੀ ਅਪੀਲ ਕੀਤੀ ਕਿ ਸੂਬੇ ਅਤੇ ਉੱਤਰੀ ਭਾਰਤ ਨਾਲ ਬੇਇਨਸਾਫ਼ੀ ਕਿਉਂ ਕੀਤੀ ਜਾ ਰਹੀ ਹੈ। ਇਸ ਮੌਕੇ ਰਾਮਵਿਲਾਸ ਜਾਗੜਾ, ਯੂਥ ਪ੍ਰਧਾਨ ਅਜੈ ਬੇਰਵਾਲ, ਲਲਿਤ ਰੰਗਾ ਆਦਿ ਮੌਜੂਦ ਸਨ।
