ਨਵਾਂਸ਼ਹਿਰ /ਕਾਠਗੜ੍ਹ, 29 ਨਵੰਬਰ (ਜਤਿੰਦਰਪਾਲ ਸਿੰਘ ਕਲੇਰ) : ਥਾਣਾ ਕਾਠਗੜ੍ਹ ਦੇ ਐਸ.ਐਚ.ਓ. ਇੰਸਪੈਕਟਰ ਕਮਲ ਤਨੇਜਾ ਦੀ ਯੋਗ ਅਗਵਾਈ ਹੇਠ ਏ.ਐਸ.ਆਈ. ਸੰਦੀਪ ਸ਼ਰਮਾ ਦੀ ਟੀਮ ਨੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ 28 ਨਵੰਬਰ ਨੂੰ ਏ.ਐਸ.ਆਈ. ਸੰਦੀਪ ਕੁਮਾਰ ਸਮੇਤ ਏ.ਐਸ.ਆਈ. ਧਰਮ ਚੰਦ, ਸੀ.ਟੀ. ਰਮਨਦੀਪ ਸਿੰਘ ਅਤੇ ਸੀ.ਟੀ. ਤਜਿੰਦਰ ਪਾਲ ਭਾਟੀਆ ਕਾਠਗੜ੍ਹ ਖੇਤਰ ਵਿੱਚ ਗਸ਼ਤ ਅਤੇ ਨਾਕਾਬੰਦੀ ਕਰ ਰਹੇ ਸਨ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਸਿਵਲ ਹਸਪਤਾਲ ਕਾਠਗੜ੍ਹ ਤੋਂ ਹੁੰਦੇ ਹੋਏ ਕਾਠਗੜ੍ਹ ਖੱਡ ਨੇੜੇ ਪਹੁੰਚੀ ਤਾਂ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ।
ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਕੁਲਦੀਪ ਪੁੱਤਰ ਰਾਜਪਾਲ ਵਾਸੀ ਨਵਾਂਸ਼ਹਿਰ ਦੱਸਿਆ। ਨਿਯਮਾਂ ਅਨੁਸਾਰ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਪਾਰਦਰਸ਼ੀ ਲਿਫ਼ਾਫ਼ੇ ਵਿੱਚ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਹੈਰੋਇਨ ਨੂੰ ਮੌਕੇ 'ਤੇ ਹੀ ਸੀਲ ਕਰਕੇ ਕਬਜ਼ੇ ਵਿੱਚ ਲਿਆ ਗਿਆ।
ਇਸ ਸਬੰਧੀ ਥਾਣਾ ਕਾਠਗੜ੍ਹ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਾਮਲੇ ਦੀ ਹੋਰ ਤਫ਼ਤੀਸ਼ ਜਾਰੀ ਹੈ।
ਐਸ.ਐਚ.ਓ. ਇੰਸਪੈਕਟਰ ਕਮਲ ਤਨੇਜਾ ਨੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ
