ਬਲਾਚੌਰ, 29 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਬਲਾਚੌਰ ਸਬ ਡਵੀਜ਼ਨ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਿਰਯਾਨੀ ਅਤੇ ਮੀਟ ਦੀਆਂ ਦੁਕਾਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਇਨ੍ਹਾਂ ਦੁਕਾਨਾਂ 'ਤੇ ਮਿਲਣ ਵਾਲਾ ਮੀਟ ਕਿਸ ਵਿਧੀ ਨਾਲ ਤਿਆਰ ਕੀਤਾ ਜਾਂਦਾ ਹੈ, ਇਸ ਬਾਰੇ ਗਾਹਕਾਂ ਨੂੰ ਸਪੱਸ਼ਟ ਜਾਣਕਾਰੀ ਨਹੀਂ ਮਿਲ ਰਹੀ। ਇਸ ਮੁੱਦੇ ਨੂੰ ਲੈ ਕੇ ਅਮ੍ਰਿਤਪਾਲ ਸਿੰਘ ਖਾਲਸਾ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਦਖ਼ਲ ਦੀ ਮੰਗ ਕੀਤੀ ਹੈ।

ਅਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਬਲਾਚੌਰ ਵਿੱਚ ਬਿਰਯਾਨੀ, ਚਿਕਨ ਅਤੇ ਮੀਟ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਦੇ ਬਾਹਰ ਅਤੇ ਮੀਨੂ ਕਾਰਡ 'ਤੇ ਸਪੱਸ਼ਟ ਤੌਰ 'ਤੇ ਲਿਖਿਆ ਹੋਣਾ ਚਾਹੀਦਾ ਹੈ ਕਿ ਉੱਥੇ ਮਿਲਣ ਵਾਲਾ ਮੀਟ ਹਲਾਲ ਹੈ ਜਾਂ ਝਟਕਾ। ਇਸ ਨਾਲ ਗਾਹਕ ਆਪਣੀ ਧਾਰਮਿਕ ਮਰਿਆਦਾ, ਵਿਸ਼ਵਾਸ ਅਤੇ ਨਿੱਜੀ ਪਸੰਦ ਅਨੁਸਾਰ ਖਾਣ-ਪੀਣ ਦੀ ਚੀਜ਼ ਚੁਣ ਸਕਣਗੇ।

ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਰਹਿਤ ਮਰਿਆਦਾ ਵਿੱਚ ਹਲਾਲ ਮਾਸ ਖਾਣ ਦੀ ਮਨਾਹੀ ਦਰਜ ਹੈ। ਇਸੇ ਤਰ੍ਹਾਂ ਹਿੰਦੂ ਸਮਾਜ ਦੇ ਵੀ ਕਈ ਵਰਗਾਂ ਵਿੱਚ ਝਟਕਾ ਮਾਸ ਨੂੰ ਤਰਜੀਹ ਦਿੱਤੀ ਜਾਂਦੀ ਹੈ। ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਵਿੱਚ ਖਾਣ-ਪੀਣ ਦੀਆਂ ਮਾਨਤਾਵਾਂ ਵੱਖਰੀਆਂ ਹੋ ਸਕਦੀਆਂ ਹਨ। ਇਸ ਲਈ ਕਿਸੇ ਵੀ ਗਾਹਕ ਨੂੰ ਬਿਨਾਂ ਜਾਣਕਾਰੀ ਦੇ ਆਪਣੀ ਧਾਰਮਿਕ ਮਾਨਤਾ ਦੇ ਉਲਟ ਭੋਜਨ ਖਾਣ ਦੀ ਸਥਿਤੀ ਵਿੱਚ ਨਹੀਂ ਪੈਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਸੂਬਿਆਂ ਤੋਂ ਆ ਕੇ ਲੋਕ ਆਪਣਾ ਕਾਰੋਬਾਰ ਕਰ ਰਹੇ ਹਨ ਅਤੇ ਇਹ ਉਨ੍ਹਾਂ ਦਾ ਅਧਿਕਾਰ ਹੈ। ਬਲਾਚੌਰ ਵਿੱਚ ਵੀ ਕਈ ਨਵੇਂ ਕਾਰੋਬਾਰ ਅਤੇ ਖਾਣ-ਪੀਣ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ। ਪਰ ਪੰਜਾਬ ਦਾ ਕੋਈ ਵੀ ਦੁਕਾਨਦਾਰ ਹੋਵੇ ਜਾਂ ਬਾਹਰਲੇ ਸੂਬੇ ਤੋਂ ਆ ਕੇ ਕਾਰੋਬਾਰ ਕਰਨ ਵਾਲਾ ਵਿਅਕਤੀ, ਹਰੇਕ ਲਈ ਇਹ ਜ਼ਰੂਰੀ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਮੀਟ ਦੀ ਕਿਸਮ ਅਤੇ ਉਸ ਨੂੰ ਤਿਆਰ ਕਰਨ ਦੀ ਵਿਧੀ ਬਾਰੇ ਸਹੀ ਜਾਣਕਾਰੀ ਦੇਵੇ। ਇਹ ਮੰਗ ਕਿਸੇ ਇੱਕ ਧਰਮ ਜਾਂ ਸੂਬੇ ਦੇ ਲੋਕਾਂ ਵਿਰੁੱਧ ਨਹੀਂ, ਸਗੋਂ ਸਾਰੇ ਗਾਹਕਾਂ ਦੇ ਜਾਣਕਾਰੀ ਪ੍ਰਾਪਤ ਕਰਨ ਦੇ ਅਧਿਕਾਰ ਲਈ ਹੈ।

ਅਮ੍ਰਿਤਪਾਲ ਸਿੰਘ ਖਾਲਸਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਲਾਚੌਰ ਦੀਆਂ ਸਾਰੀਆਂ ਬਿਰਯਾਨੀ ਅਤੇ ਮੀਟ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਜਾਵੇ, ਦੁਕਾਨਾਂ ਦੇ ਬਾਹਰ ਵੱਡੇ ਅੱਖਰਾਂ ਵਿੱਚ ਹਲਾਲ ਜਾਂ ਝਟਕਾ ਮੀਟ ਦੀ ਜਾਣਕਾਰੀ ਲਿਖਣ ਲਈ ਉਚਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ, ਮੀਨੂ ਕਾਰਡ ਅਤੇ ਆਨਲਾਈਨ ਫੂਡ ਡਿਲਿਵਰੀ ਪਲੇਟਫਾਰਮਾਂ 'ਤੇ ਵੀ ਮੀਟ ਸਬੰਧੀ ਸਹੀ ਜਾਣਕਾਰੀ ਉਪਲਬਧ ਕਰਵਾਈ ਜਾਵੇ ਅਤੇ ਗਲਤ ਜਾਣਕਾਰੀ ਦੇਣ ਜਾਂ ਗਾਹਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਇੱਕ ਬਹੁ-ਧਰਮੀ ਅਤੇ ਬਹੁ-ਸੱਭਿਆਚਾਰਕ ਦੇਸ਼ ਹੈ, ਜਿੱਥੇ ਹਰ ਵਿਅਕਤੀ ਨੂੰ ਆਪਣੇ ਧਰਮ ਅਤੇ ਵਿਸ਼ਵਾਸ ਅਨੁਸਾਰ ਜੀਵਨ ਬਤੀਤ ਕਰਨ ਦਾ ਅਧਿਕਾਰ ਹੈ। ਇਸ ਲਈ ਖਾਣ-ਪੀਣ ਦੇ ਮਾਮਲੇ ਵਿੱਚ ਵੀ ਪਾਰਦਰਸ਼ਤਾ ਹੋਣੀ ਬਹੁਤ ਜ਼ਰੂਰੀ ਹੈ, ਤਾਂ ਜੋ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਅਤੇ ਹਰ ਗਾਹਕ ਨੂੰ ਆਪਣੀ ਪਸੰਦ ਅਨੁਸਾਰ ਭੋਜਨ ਚੁਣਨ ਦਾ ਮੌਕਾ ਮਿਲੇ।

ਉਨ੍ਹਾਂ ਪ੍ਰਸ਼ਾਸਨ ਅਤੇ ਨਗਰ ਕੌਂਸਲ ਬਲਾਚੌਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਹਿਰ ਵਿੱਚ ਉਚਿਤ ਨਿਯਮ ਅਤੇ ਜਾਗਰੂਕਤਾ ਯਕੀਨੀ ਬਣਾਈ ਜਾਵੇ।