ਬਟਾਲਾ, 29 ਨਵੰਬਰ (ਪੈਗਾਮ-ਏ-ਜਗਤ):- ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਦ੍ਰਿਸ਼ਟੀਕੋਣ ਅਤੇ ਗ੍ਰਹਿ ਮੰਤਰਾਲਾ, ਡਾਇਰੈਕਟੋਰੇਟ ਜਨਰਲ ਫਾਇਰ ਸਰਵਿਸਿਜ਼, ਸਿਵਲ ਡਿਫੈਂਸ ਅਤੇ ਹੋਮ ਗਾਰਡਜ਼, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤੀ ਫੌਜ ਵੱਲੋਂ ਦੇਸ਼ ਭਰ ਦੇ 12 ਰਾਜਾਂ ਦੇ 600 ਸਿਵਲ ਡਿਫੈਂਸ ਵਲੰਟੀਅਰਾਂ ਲਈ ਵਿਸ਼ੇਸ਼ ਮਾਸਟਰ ਟ੍ਰੇਨਿੰਗ ਕੈਂਪ ਲਗਾਇਆ ਗਿਆ।
ਇਸੇ ਤਹਿਤ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ-ਕਮ-ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ 50 ਸੀਡੀ ਵਲੰਟੀਅਰਾਂ ਵਿੱਚੋਂ ਟਾਊਨ ਬਟਾਲਾ ਦੇ ਹਰਬਖਸ਼ ਸਿੰਘ ਪਹਿਲੇ ਮਾਸਟਰ ਟ੍ਰੇਨਿੰਗ ਵਲੰਟੀਅਰ ਬਣੇ।ਸਿਖਲਾਈ ਉਪਰੰਤ ਹਰਬਖਸ਼ ਸਿੰਘ ਨੇ ਸ. ਰਵੇਲ ਸਿੰਘ ਰੰਧਾਵਾ (ਰਾਸ਼ਟਰਪਤੀ ਐਵਾਰਡੀ), ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼-ਕਮ-ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਇਹ ਆਪਣੀ ਕਿਸਮ ਦਾ ਭਾਰਤੀ ਫੌਜ ਵੱਲੋਂ ਲਗਾਇਆ ਗਿਆ ਪਹਿਲਾ ਵਿਸ਼ੇਸ਼ ਕੈਂਪ ਸੀ। ਇਸ ਦਾ ਮੁੱਖ ਉਦੇਸ਼ ਸਿਵਲ ਡਿਫੈਂਸ ਨੂੰ ਆਧੁਨਿਕ ਸਮੇਂ ਦੀਆਂ ਆਫ਼ਤਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹੋਰ ਮਜ਼ਬੂਤ ਕਰਨਾ ਹੈ।
ਇਸ ਸਿਖਲਾਈ ਦੌਰਾਨ ਸਾਈਬਰ ਹਮਲਿਆਂ ਅਤੇ ਉਨ੍ਹਾਂ ਤੋਂ ਬਚਾਅ, ਗ੍ਰੇ ਜ਼ੋਨ, ਨਸ਼ਿਆਂ ਦੀ ਸਮੱਸਿਆ, ਸੋਸ਼ਲ ਮੀਡੀਆ ਦੀ ਦੁਰਵਰਤੋਂ, ਡਰੋਨ ਹਮਲਿਆਂ ਅਤੇ ਤਸਕਰੀ, ਝੂਠੀਆਂ ਖ਼ਬਰਾਂ, ਅਫਵਾਹਾਂ, ਅੱਗ ਤੋਂ ਸੁਰੱਖਿਆ, ਸ਼ੈਲਟਰ ਪ੍ਰਬੰਧਨ, ਮਹਾਂਮਾਰੀਆਂ ਅਤੇ ਹੋਰ ਆਫ਼ਤਾਂ ਨਾਲ ਨਜਿੱਠਣ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਰਾਹਤ ਕਾਰਜਾਂ, ਬਚਾਅ ਤਕਨੀਕਾਂ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਸਿਖਲਾਈ ਅਤੇ ਅਭਿਆਸ ਵੀ ਕਰਵਾਏ ਗਏ।
ਇਸ ਮੌਕੇ ਜ਼ਿਲ੍ਹਾ ਕਮਾਂਡਰ ਵੱਲੋਂ ਹਰਬਖਸ਼ ਸਿੰਘ ਨੂੰ ਸਿਵਲ ਡਿਫੈਂਸ ਦੇ ਉਦੇਸ਼ਾਂ ਦੀ ਪ੍ਰਾਪਤੀ ਅਤੇ ਜਾਗਰੂਕਤਾ ਫੈਲਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ “ਸਨਮਾਨ ਪੱਤਰ” ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਲਈ ਪ੍ਰੇਰਿਤ ਕੀਤਾ ਗਿਆ।ਅੰਤ ਵਿੱਚ ਹਰਬਖਸ਼ ਸਿੰਘ ਨੇ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਭਾਰਤੀ ਫੌਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵਿਸ਼ੇਸ਼ ਸਿਖਲਾਈ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਸ ਰਾਹੀਂ ਉਨ੍ਹਾਂ ਨੂੰ ਆਧੁਨਿਕ ਤਕਨੀਕਾਂ ਬਾਰੇ ਸਿੱਖਣ ਦਾ ਮੌਕਾ ਮਿਲਿਆ।
