ਲੁਧਿਆਣਾ, 29 ਨਵੰਬਰ (ਪੈਗਾਮ-ਏ-ਜਗਤ):- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਪਣੇ ਸਾਲਾਨਾ ਯੁਵਕ ਮੇਲੇ ‘ਯੁਵ-ਤਰੰਗ 2026’ ਦੇ ਦੂਜੇ ਦੌਰ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਦੂਜਾ ਦੌਰ 1 ਤੋਂ 3 ਦਸੰਬਰ, 2026 ਤੱਕ ਕਰਵਾਇਆ ਜਾਵੇਗਾ। ਇਸ ਰੰਗਾਰੰਗ ਸੱਭਿਆਚਾਰਕ ਸਮਾਗਮ ਵਿੱਚ ਵਿਦਿਆਰਥੀ ਆਪਣੀ ਕਲਾਤਮਕ ਸਿਰਜਣਾ, ਸੱਭਿਆਚਾਰਕ ਵਿਰਸੇ, ਬੌਧਿਕ ਸਮਰੱਥਾ ਅਤੇ ਵੱਖ-ਵੱਖ ਹੁਨਰਾਂ ਦਾ ਪ੍ਰਦਰਸ਼ਨ ਕਰਨਗੇ।
ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਯੁਵਕ ਮੇਲਾ ਵਿਦਿਆਰਥੀਆਂ ਲਈ ਆਪਣੀ ਸਮਰੱਥਾ ਨੂੰ ਪਛਾਣਨ, ਨਵੇਂ ਰਾਹ ਲੱਭਣ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਕਲਾਤਮਕ ਗਤੀਵਿਧੀਆਂ ਰਾਹੀਂ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦਾ ਇੱਕ ਅਹਿਮ ਮੌਕਾ ਹੈ।
ਵਿਦਿਆਰਥੀ ਭਲਾਈ ਨਿਰਦੇਸ਼ਕ ਡਾ. ਜਸਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਵਿਦਿਆਰਥੀ ਵੱਖ-ਵੱਖ ਮੁਕਾਬਲਿਆਂ ਲਈ ਪੂਰੀ ਲਗਨ ਨਾਲ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਲੇ ਦੇ ਸੁਚਾਰੂ ਸੰਚਾਲਨ, ਪ੍ਰਭਾਵਸ਼ਾਲੀ ਆਯੋਜਨ ਅਤੇ ਸਫ਼ਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਦੂਜੇ ਪੜਾਅ ਦਾ ਵਿਸਥਾਰਿਤ ਵੇਰਵਾ ਵੀ ਸਾਂਝਾ ਕੀਤਾ।
ਦੂਜਾ ਪੜਾਅ
1 ਦਸੰਬਰ: ਉਦਘਾਟਨ ਸਮਾਰੋਹ, ਸੱਭਿਆਚਾਰਕ ਝਾਕੀਆਂ, ਲੋਕ ਗੀਤ, ਰਚਨਾਤਮਕ ਨਾਚ, ਸੁਗਮ ਸੰਗੀਤ ਅਤੇ ਭਾਰਤੀ ਸਮੂਹ ਗਾਨ।
2 ਦਸੰਬਰ: ਮਾਈਮ, ਸਕਿੱਟ, ਮਿਮਿਕਰੀ, ਇਕਾਂਗੀ ਨਾਟਕ ਅਤੇ ਭੰਡ।
3 ਦਸੰਬਰ (ਆਖਰੀ ਦਿਨ): ਪੰਜਾਬੀ ਲੋਕ ਨਾਚ (ਲੜਕੀਆਂ/ਲੜਕੇ) ਅਤੇ ਇਨਾਮ ਵੰਡ ਸਮਾਰੋਹ।
ਡਾ. ਹੁੰਦਲ ਨੇ ਕਿਹਾ ਕਿ ਸਾਰਾ ਯੁਵਕ ਮੇਲਾ ਅੰਤਰ-ਯੂਨੀਵਰਸਿਟੀ ਯੁਵਕ ਮੇਲਿਆਂ ਦੇ ਨਿਯਮਾਂ ਅਤੇ ਕਾਇਦਿਆਂ ਅਨੁਸਾਰ ਕਰਵਾਇਆ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਵਿਦਿਆਰਥੀ ਅਤੇ ਦਰਸ਼ਕ ਇਸ ਯੁਵਕ ਮੇਲੇ ਦਾ ਭਰਪੂਰ ਆਨੰਦ ਮਾਣਨਗੇ ਅਤੇ ਸੋਹਣੀਆਂ, ਰੰਗੀਨ ਤੇ ਖੁਸ਼ੀਆਂ ਭਰੀਆਂ ਯਾਦਾਂ ਲੈ ਕੇ ਜਾਣਗੇ।
