ਕਿਸੇ ਵੀ ਖੇਤਰ ਦੇ ਆਰਥਿਕ ਵਿਕਾਸ ਵਿੱਚ ਉਦਯੋਗਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਉਦਯੋਗਾਂ ਰਾਹੀਂ ਰੁਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ, ਸਥਾਨਕ ਕਾਰੋਬਾਰਾਂ ਨੂੰ ਹੁਲਾਰਾ ਮਿਲਦਾ ਹੈ ਅਤੇ ਸਰਕਾਰ ਨੂੰ ਆਮਦਨ ਪ੍ਰਾਪਤ ਹੁੰਦੀ ਹੈ। ਪੇਂਡੂ ਖੇਤਰਾਂ ਵਿੱਚ ਉਦਯੋਗਿਕ ਇਕਾਈਆਂ ਦੀ ਸਥਾਪਨਾ ਨਾਲ ਲੋਕਾਂ ਦੀ ਆਮਦਨ ਵਧਣ ਅਤੇ ਆਰਥਿਕ ਗਤੀਵਿਧੀਆਂ ਨੂੰ ਗਤੀ ਮਿਲਣ ਦੀਆਂ ਸੰਭਾਵਨਾਵਾਂ ਬਣਦੀਆਂ ਹਨ। ਪਰ ਵਿਕਾਸ ਦੀ ਇਹ ਪ੍ਰਕਿਰਿਆ ਉਦੋਂ ਹੀ ਲਾਹੇਵੰਦ ਸਾਬਤ ਹੋ ਸਕਦੀ ਹੈ, ਜਦੋਂ ਇਸ ਦੇ ਨਾਲ ਲੋਕਾਂ ਦੀ ਸਿਹਤ, ਮਜ਼ਦੂਰਾਂ ਦੇ ਅਧਿਕਾਰਾਂ ਅਤੇ ਵਾਤਾਵਰਣ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ। ਜੇਕਰ ਉਦਯੋਗਿਕ ਤਰੱਕੀ ਦੀ ਕੀਮਤ ਲੋਕਾਂ ਨੂੰ ਪ੍ਰਦੂਸ਼ਿਤ ਹਵਾ, ਦੂਸ਼ਿਤ ਪਾਣੀ, ਖ਼ਰਾਬ ਹੁੰਦੀ ਮਿੱਟੀ ਅਤੇ ਸ਼ੋਸ਼ਣ ਦੇ ਰੂਪ ਵਿੱਚ ਚੁਕਾਉਣੀ ਪਵੇ ਤਾਂ ਅਜਿਹਾ ਵਿਕਾਸ ਆਪਣੇ ਮੂਲ ਉਦੇਸ਼ ਤੋਂ ਦੂਰ ਹੋ ਜਾਂਦਾ ਹੈ। ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿੱਚ ਇਹ ਮਸਲਾ ਹੋਰ ਵੀ ਮਹੱਤਵਪੂਰਨ ਹੈ। ਇੱਥੋਂ ਦੀ ਵੱਡੀ ਆਬਾਦੀ ਪਿੰਡਾਂ ਵਿੱਚ ਵਸਦੀ ਹੈ ਅਤੇ ਲੋਕਾਂ ਦੀ ਰੋਜ਼ੀ-ਰੋਟੀ ਦਾ ਵੱਡਾ ਹਿੱਸਾ ਖੇਤੀਬਾੜੀ, ਪਸ਼ੂ ਪਾਲਣ ਅਤੇ ਇਸ ਨਾਲ ਜੁੜੇ ਕਾਰੋਬਾਰਾਂ ਉੱਤੇ ਨਿਰਭਰ ਕਰਦਾ ਹੈ। ਉਦਯੋਗਿਕ ਇਕਾਈਆਂ ਦੀ ਸਥਾਪਨਾ ਸਮੇਂ ਇਨ੍ਹਾਂ ਪੱਖਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਕਿਸੇ ਫੈਕਟਰੀ ਵਿੱਚੋਂ ਨਿਕਲਣ ਵਾਲਾ ਗੰਦਾ ਪਾਣੀ, ਧੂੰਆਂ, ਰਸਾਇਣਕ ਰਹਿੰਦ-ਖੂੰਹਦ ਜੇਕਰ ਸਹੀ ਢੰਗ ਨਾਲ ਸੰਭਾਲੀ ਨਾ ਜਾਵੇ ਤਾਂ ਇਸ ਦਾ ਅਸਰ ਆਲੇ-ਦੁਆਲੇ ਦੇ ਪਾਣੀ, ਮਿੱਟੀ, ਫਸਲਾਂ ਅਤੇ ਲੋਕਾਂ ਦੀ ਸਿਹਤ ਉੱਤੇ ਹੋ ਸਕਦਾ ਹੈ। ਇਸ ਲਈ ਉਦਯੋਗ ਲਗਾਉਣ ਦੀ ਮਨਜ਼ੂਰੀ ਤੋਂ ਪਹਿਲਾਂ ਉਸ ਖੇਤਰ ਦੀ ਭੂਗੋਲਿਕ ਸਥਿਤੀ, ਪਾਣੀ ਦੇ ਸਰੋਤਾਂ, ਖੇਤੀਬਾੜੀ ਅਤੇ ਆਬਾਦੀ ਦਾ ਵਿਗਿਆਨਕ ਮੁਲਾਂਕਣ ਹੋਣਾ ਚਾਹੀਦਾ ਹੈ।

ਇੱਕ ਪਿੰਡ ਵਿੱਚ ਸਥਿਤ ਉਦਯੋਗਿਕ ਇਕਾਈ ਸਬੰਧੀ ਆਲੇ-ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਵੱਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਨੇ ਉਦਯੋਗਿਕ ਇਕਾਈਆਂ ਦੀ ਨਿਗਰਾਨੀ ਦੇ ਮਹੱਤਵ ਨੂੰ ਮੁੜ ਉਭਾਰਿਆ ਹੈ। ਇਸ ਮਾਮਲੇ ਵਿੱਚ ਪਾਣੀ, ਮਿੱਟੀ ਅਤੇ ਸੁਆਹ ਦੇ ਨਮੂਨੇ ਇਕੱਤਰ ਕਰਨ ਦੇ ਨਾਲ ਹਵਾ ਦੀ ਗੁਣਵੱਤਾ ਦੀ ਜਾਂਚ ਅਤੇ ਲੋਕਾਂ ਦੀ ਸਿਹਤ ਜਾਂਚ ਲਈ ਕੈਂਪ ਲਗਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਅਜਿਹੀਆਂ ਜਾਂਚਾਂ ਦਾ ਮਹੱਤਵ ਕਿਸੇ ਇੱਕ ਫੈਕਟਰੀ ਜਾਂ ਪਿੰਡ ਤੱਕ ਸੀਮਤ ਨਹੀਂ ਹੈ। ਉਦਯੋਗਿਕ ਖੇਤਰਾਂ ਦੇ ਆਲੇ-ਦੁਆਲੇ ਵਾਤਾਵਰਣ ਅਤੇ ਸਿਹਤ ਦੀ ਨਿਗਰਾਨੀ ਨਿਰੰਤਰ ਹੋਣੀ ਚਾਹੀਦੀ ਹੈ। ਸਿਰਫ਼ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕਰਨਾ ਕਾਫ਼ੀ ਨਹੀਂ। ਉਦਯੋਗਿਕ ਇਕਾਈਆਂ ਦੇ ਪ੍ਰਦੂਸ਼ਣ ਕੰਟਰੋਲ ਪ੍ਰਬੰਧਾਂ ਦੀ ਨਿਯਮਤ ਜਾਂਚ ਹੋਣੀ ਚਾਹੀਦੀ ਹੈ। ਫੈਕਟਰੀਆਂ ਵਿੱਚ ਗੰਦੇ ਪਾਣੀ ਦੇ ਸੋਧ ਲਈ ਲੱਗੇ ਪਲਾਂਟਾਂ ਦੀ ਕਾਰਗੁਜ਼ਾਰੀ, ਚਿਮਨੀਆਂ ਵਿੱਚੋਂ ਨਿਕਲਣ ਵਾਲੇ ਧੂੰਏਂ ਅਤੇ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਦੀ ਜਾਂਚ ਤੈਅ ਸਮੇਂ ਅਨੁਸਾਰ ਹੋਵੇ। ਪਾਣੀ ਦੇ ਨਮੂਨੇ ਫੈਕਟਰੀ ਦੇ ਅੰਦਰੋਂ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਬੋਰਵੈੱਲਾਂ ਅਤੇ ਜਲ ਸਰੋਤਾਂ ਤੋਂ ਵੀ ਲਏ ਜਾਣ। ਮਿੱਟੀ ਦੀ ਗੁਣਵੱਤਾ ਅਤੇ ਫਸਲਾਂ ਉੱਤੇ ਸੰਭਾਵੀ ਪ੍ਰਭਾਵਾਂ ਦਾ ਅਧਿਐਨ ਵੀ ਕੀਤਾ ਜਾਵੇ। ਜਾਂਚ ਰਿਪੋਰਟਾਂ ਆਮ ਲੋਕਾਂ ਲਈ ਉਪਲਬਧ ਹੋਣ ਅਤੇ ਪਿੰਡਾਂ ਦੇ ਨੁਮਾਇੰਦਿਆਂ ਨੂੰ ਨਿਗਰਾਨੀ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇ।

ਉਦਯੋਗਿਕ ਵਿਕਾਸ ਦਾ ਇੱਕ ਹੋਰ ਅਹਿਮ ਪੱਖ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸਥਿਤੀ ਹੈ। ਰੁਜ਼ਗਾਰ ਦੇ ਮੌਕੇ ਪੈਦਾ ਹੋਣਾ ਹੀ ਕਾਫ਼ੀ ਨਹੀਂ, ਸਗੋਂ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਉਚਿਤ ਮੁੱਲ ਮਿਲ ਰਿਹਾ ਹੈ ਜਾਂ ਨਹੀਂ। ਕਈ ਥਾਵਾਂ ਉੱਤੇ ਨਿਰਧਾਰਤ ਸਮੇਂ ਤੋਂ ਵੱਧ ਕੰਮ ਲੈਣਾ, ਓਵਰਟਾਈਮ ਦਾ ਪੂਰਾ ਭੁਗਤਾਨ ਨਾ ਕਰਨਾ, ਘੱਟ ਉਜਰਤ ਦੇਣਾ, ਛੁੱਟੀਆਂ ਤੋਂ ਵਾਂਝਾ ਰੱਖਣਾ ਅਤੇ ਠੇਕੇਦਾਰੀ ਪ੍ਰਬੰਧਾਂ ਹੇਠ ਜਵਾਬਦੇਹੀ ਤੋਂ ਬਚਣ ਵਰਗੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਸਥਾਈ ਅਤੇ ਠੇਕਾ ਆਧਾਰਿਤ ਕਾਮਿਆਂ ਨੂੰ ਸਮਾਜਿਕ ਸੁਰੱਖਿਆ, ਸਿਹਤ ਸਹੂਲਤਾਂ ਅਤੇ ਨੌਕਰੀ ਦੀ ਸਥਿਰਤਾ ਤੋਂ ਦੂਰ ਰੱਖਣਾ ਵੀ ਗੰਭੀਰ ਸਮੱਸਿਆ ਹੈ। ਫੈਕਟਰੀਆਂ ਵਿੱਚ ਮਸ਼ੀਨਾਂ, ਰਸਾਇਣਾਂ ਅਤੇ ਭਾਰੀ ਸਾਮਾਨ ਨਾਲ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਹੋਣੇ ਚਾਹੀਦੇ ਹਨ। ਸੁਰੱਖਿਆ ਉਪਕਰਨ, ਸਾਫ਼ ਪੀਣ ਵਾਲਾ ਪਾਣੀ, ਹਵਾਦਾਰੀ, ਮੁੱਢਲੀ ਡਾਕਟਰੀ ਸਹਾਇਤਾ ਅਤੇ ਹਾਦਸਿਆਂ ਤੋਂ ਬਚਾਅ ਦੀ ਸਿਖਲਾਈ ਉਨ੍ਹਾਂ ਦਾ ਅਧਿਕਾਰ ਹੈ। ਕੰਮ ਦੇ ਘੰਟਿਆਂ ਅਤੇ ਆਰਾਮ ਦੇ ਸਮੇਂ ਸਬੰਧੀ ਨਿਯਮਾਂ ਦੀ ਪਾਲਣਾ ਕਰਵਾਉਣੀ ਵੀ ਜ਼ਰੂਰੀ ਹੈ। ਕਿਰਤ ਵਿਭਾਗ ਵੱਲੋਂ ਨਿਯਮਤ ਜਾਂਚ ਹੋਵੇ ਅਤੇ ਮਜ਼ਦੂਰਾਂ ਨੂੰ ਬਿਨਾਂ ਡਰ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਦਾ ਮੌਕਾ ਮਿਲੇ। ਉਦਯੋਗਾਂ ਦੀ ਸਫ਼ਲਤਾ ਦਾ ਮੁਲਾਂਕਣ ਸਿਰਫ਼ ਉਤਪਾਦਨ ਅਤੇ ਮੁਨਾਫ਼ੇ ਨਾਲ ਨਹੀਂ, ਸਗੋਂ ਉੱਥੇ ਕੰਮ ਕਰਨ ਵਾਲਿਆਂ ਦੀ ਭਲਾਈ ਨਾਲ ਵੀ ਹੋਣਾ ਚਾਹੀਦਾ ਹੈ।

ਉਦਯੋਗਿਕ ਇਕਾਈਆਂ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰੀ ਨਿਯਮਾਂ ਦੀ ਪਾਲਣਾ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਪਾਣੀ ਦੀ ਮੁੜ ਵਰਤੋਂ, ਊਰਜਾ ਦੀ ਬਚਤ, ਧੂੰਏਂ ਨੂੰ ਕਾਬੂ ਕਰਨ ਵਾਲੀ ਤਕਨੀਕ ਅਤੇ ਰਹਿੰਦ-ਖੂੰਹਦ ਦੇ ਸੁਰੱਖਿਅਤ ਨਿਪਟਾਰੇ ਨੂੰ ਕਾਰਜਪ੍ਰਣਾਲੀ ਦਾ ਹਿੱਸਾ ਬਣਾਇਆ ਜਾਵੇ। ਕਿਸੇ ਇਕਾਈ ਦੀ ਲਾਪਰਵਾਹੀ ਕਾਰਨ ਵਾਤਾਵਰਣ ਜਾਂ ਮਜ਼ਦੂਰਾਂ ਦੀ ਸਿਹਤ ਨੂੰ ਨੁਕਸਾਨ ਹੋਵੇ ਤਾਂ ਉਸ ਦੀ ਜ਼ਿੰਮੇਵਾਰੀ ਤੈਅ ਕਰਕੇ ਸੁਧਾਰ ਅਤੇ ਮੁਆਵਜ਼ੇ ਦੀ ਕਾਰਵਾਈ ਵੀ ਹੋਣੀ ਚਾਹੀਦੀ ਹੈ। ਉਦਯੋਗਿਕ ਵਿਕਾਸ ਅਤੇ ਲੋਕਾਂ ਦੀ ਭਲਾਈ ਇੱਕ-ਦੂਜੇ ਦੇ ਵਿਰੋਧੀ ਨਹੀਂ ਹਨ। ਲੋੜ ਅਜਿਹੀ ਨੀਤੀ ਅਤੇ ਕਾਰਜਪ੍ਰਣਾਲੀ ਦੀ ਹੈ ਜਿਸ ਵਿੱਚ ਰੁਜ਼ਗਾਰ, ਆਰਥਿਕ ਤਰੱਕੀ, ਮਜ਼ਦੂਰਾਂ ਦੇ ਅਧਿਕਾਰ ਅਤੇ ਵਾਤਾਵਰਣ ਨੂੰ ਬਰਾਬਰ ਮਹੱਤਵ ਮਿਲੇ। ਅਸਲ ਤਰੱਕੀ ਉਹੀ ਹੈ ਜਿਸ ਵਿੱਚ ਉਦਯੋਗਾਂ ਨੂੰ ਲਾਭ ਹੋਣ ਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਵੀ ਬਿਹਤਰ ਬਣੇ।


-   ਦਵਿੰਦਰ ਕੁਮਾਰ