ਭਾਰਤਇਜ਼ਰਾਈਲ ਸਬੰਧਾਂ ਤੇ ਬੋਲੇ ਨੇਤਨਯਾਹੂ ਮੇਰੇ ਸਭ ਤੋਂ ਵੱਧ ਫਾਲੋਅਰਜ਼ ਭਾਰਤ ਤੋਂ ਹਨ

ਨਵੀਂ ਦਿੱਲੀ:- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਪਿਆਰ ਅਤੇ ਫਾਲੋਅਰਜ਼ ਭਾਰਤ ਤੋਂ ਮਿਲਦੇ ਹਨ। ਪੱਛਮੀ ਏਸ਼ੀਆ ਦੇ ਬਦਲਦੇ ਹਾਲਾਤਾਂ ਵਿਚਕਾਰ ਭਾਰਤ ਅਤੇ ਇਜ਼ਰਾਈਲ ਦੇ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ। ਇਜ਼ਰਾਈਲ ਦੀ ਖੇਤਰੀ ਰਣਨੀਤੀ ਅਤੇ ਤਕਨੀਕੀ ਤਰੱਕੀ ਬਾਰੇ ਗੱਲ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ ਇਜ਼ਰਾਈਲ ਦਾ ਵਿਰੋਧ ਹੋ ਰਿਹਾ ਹੈ, ਪਰ ਭਾਰਤ ਵਿੱਚ ਅਜਿਹਾ ਬਿਲਕੁਲ ਨਹੀਂ ਹੈ। 
ਉਨ੍ਹਾਂ ਕਿਹਾ, "ਭਾਰਤ ਵਿੱਚ ਇਜ਼ਰਾਈਲ ਲਈ ਬਹੁਤ ਜ਼ਿਆਦਾ ਪਿਆਰ ਹੈ। ਮੈਨੂੰ ਲੱਗਦਾ ਹੈ ਕਿ ਦੁਨੀਆ ਵਿੱਚ ਮੇਰੇ ਸਭ ਤੋਂ ਵੱਧ ਫਾਲੋਅਰਜ਼ ਭਾਰਤ ਤੋਂ ਹੀ ਹਨ, ਹਾਲਾਂਕਿ ਉੱਥੋਂ ਦੀ ਆਬਾਦੀ 1.4 ਅਰਬ (140 ਕਰੋੜ) ਹੈ।"
ਨੇਤਨਯਾਹੂ ਨੇ ਭਾਰਤ ਨੂੰ ਇੱਕ 'ਵੱਡੀ ਤਾਕਤ' ਦੱਸਦਿਆਂ ਕਿਹਾ ਕਿ ਨਵੀਂ ਦਿੱਲੀ ਨਾਲ ਉਨ੍ਹਾਂ ਦੇ ਸਬੰਧ ਸਿਰਫ਼ ਮਿਡਲ ਈਸਟ (ਮੱਧ ਪੂਰਬ) ਤੱਕ ਸੀਮਤ ਨਹੀਂ ਹਨ, ਸਗੋਂ ਇਹ ਇੱਕ ਵੱਡੀ ਰਣਨੀਤੀ ਦਾ ਹਿੱਸਾ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈਆਂ ਆਪਣੀਆਂ ਮੁਲਾਕਾਤਾਂ ਨੂੰ ਵੀ ਯਾਦ ਕੀਤਾ। ਨੇਤਨਯਾਹੂ ਮੁਤਾਬਕ ਇਜ਼ਰਾਈਲ ਦੀ ਫ਼ੌਜੀ ਤਾਕਤ, ਨਵੀਂ ਤਕਨਾਲੋਜੀ ਅਤੇ ਆਰਥਿਕ ਮਜ਼ਬੂਤੀ ਕਰਕੇ ਦੁਨੀਆ ਦੇ ਕਈ ਦੇਸ਼, ਇੱਥੋਂ ਤੱਕ ਕਿ ਯੂਰਪ ਦੀਆਂ ਵੱਡੀਆਂ ਤਾਕਤਾਂ ਵੀ ਉਨ੍ਹਾਂ ਨਾਲ ਹੱਥ ਮਿਲਾਉਣਾ ਚਾਹੁੰਦੀਆਂ ਹਨ।
 ਉਨ੍ਹਾਂ ਸਾਫ਼ ਕੀਤਾ ਕਿ ਇਜ਼ਰਾਈਲ ਹੁਣ ਸਿਰਫ਼ ਆਪਣੇ ਗੁਆਂਢੀ ਦੇਸ਼ਾਂ ਨਾਲ ਹੀ ਨਹੀਂ, ਸਗੋਂ ਭਾਰਤ, ਮੈਡੀਟੇਰੇਨੀਅਨ (ਭੂਮੱਧ ਸਾਗਰ), ਖਾੜੀ ਦੇਸ਼ਾਂ ਅਤੇ ਅਫ਼ਰੀਕਾ ਤੱਕ ਆਪਣੇ ਸਬੰਧ ਵਧਾ ਰਿਹਾ ਹੈ।