ਨਵਜੋਤ ਸਾਹਿਤ ਸੰਸਥਾ ਔਡ਼ ਵਲੋਂ ਸਾਂਝੀ ਧੜਕਣ ਲੋਕ ਅਰਪਣ

ਨਵਾਂਸ਼ਹਿਰ:- ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਨਾਲ ਜੁੜੇ ਸ਼ਾਇਰਾਂ ਦੀ ਸਾਂਝੀ ਪੁਸਤਕ 'ਸਾਂਝੀ ਧੜਕਣ' ਅੱਜ ਲੋਕ ਅਰਪਣ ਕੀਤੀ ਗਈ। ਇੱਥੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਜੁੜੇ ਸਮਾਰੋਹ ਦੌਰਾਨ ਇਸ ਦੀ ਰਿਲੀਜ਼ ਰਸਮ ਨਿਭਾਈ ਗਈ। ਇਹ ਰਸਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਦੀਦਾਰ ਸਿੰਘ ਹੁਸੈਨਪੁਰ ਨੇ ਨਿਭਾਈ। ਉਹਨਾਂ ਪੁਸਤਕ ਦੀ ਪ੍ਰਕਾਸ਼ਨਾ ਅਤੇ ਸਮਰਪਿਤ ਸਰਗਰਮੀਆਂ ਲਈ ਸੰਸਥਾ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਲੋਕਾਂ ਨੂੰ ਸਾਹਿਤ ਨਾਲ ਜੁੜਣ ਲਈ ਪ੍ਰੇਰਿਆ।
     ਸੰਸਥਾ ਦੇ ਪ੍ਰਧਾਨ ਸੁਰਜੀਤ ਮਜਾਰੀ ਨੇ ਸੰਸਥਾ ਦੇ ਚੁਤਾਲੀ ਸਾਲ ਪੂਰੇ ਹੋਣ 'ਤੇ ਚੁਤਾਲਵੀਂ ਪੁਸਤਕ ਰਿਲੀਜ਼ ਹੋਣ ਨੂੰ ਸਾਹਿਤਕ ਖੇਤਰ ਅੰਦਰ ਵੱਡੀ ਉਦਾਹਰਣ ਦੱਸਿਆ। ਉਹਨਾਂ ਕਿਹਾ ਕਿ 'ਸਾਂਝੀ ਧੜਕਣ' ਪੁਸਤਕ ਜਨ ਜੀਵਨ ਦੀ ਬਹੁਰੰਗੀ ਤਰਜਮਾਨ ਵਜੋਂ ਸਾਰਥਿਕ ਭੂਮਿਕਾ ਨਿਭਾਵੇਗੀ। ਪੁਸਤਕ ਦੇ ਸੰਪਾਦਕ ਡਾ. ਕੇਵਲ ਰਾਮ ਨਵਾਂ ਸ਼ਹਿਰ ਨੇ ਪੁਸਤਕ ਲਈ ਰਚਨਾਵਾਂ ਦੀ ਚੋਣ ਤੋਂ ਲੈ ਕੇ ਪ੍ਰਕਾਸ਼ਨਾ ਤੱਕ ਦੇ ਕਾਰਜ ਬਾਰੇ ਜਾਣਕਾਰੀ ਦੀ ਸਾਂਝ ਪਾਈ। ਉਹਨਾਂ ਪੁਸਤਕ ਨੂੰ ਸੰਸਥਾ ਦੇ ਸੰਸਥਾਪਕ ਨਾਮਵਰ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇ ਪ੍ਰਧਾਨ ਸੁਰਜੀਤ ਮਜਾਰੀ ਦੀ ਅਗਵਾਈ ਵਾਲੇ ਸਾਹਿਤਕ ਕਾਰਜਾਂ ਨੂੰ ਸਪਰਪਿਤ ਕੀਤਾ।
     ਕਵੀ ਮਹਿਫ਼ਲ ਦੌਰਾਨ ਰਜਨੀ ਸ਼ਰਮਾ, ਰਾਜਵਿੰਦਰ ਕੌਰ ਨਾਗਰਾ, ਸੁੱਚਾ ਰਾਮ ਜਾਡਲਾ, ਪਿਆਰਾ ਲਾਲ ਬੰਗੜ ਨੇ ਰਚਨਾਵਾਂ ਦੀ ਸਾਂਝ ਪਾਈ। ਇਸ ਪੁਸਤਕ ਵਿੱਚ ਗੁਰਦਿਆਲ ਰੌਸ਼ਨ, ਸੰਧੂ ਵਰਿਆਣਵੀ, ਸਤਪਾਲ ਸਾਹਲੋਂ, ਗੁਰਨੇਕ ਸ਼ੇਰ, ਸਤਪਾਲ ਸਾਹਲੋਂ, ਪਿਆਰਾ ਲਾਲ ਬੰਗੜ, ਰਵਿੰਦਰ ਮੱਲਾ ਬੇਦੀਆਂ, ਚਮਨ ਮੱਲਪੁਰੀ, ਰਾਮ ਨਾਥ ਕਟਾਰੀਆ, ਰਾਜਿੰਦਰ ਜੱਸਲ, ਦਲਜੀਤ ਗਿੱਲ, ਸੁੱਚਾ ਰਾਮ ਜਾਡਲਾ, ਦਵਿੰਦਰ ਸਕੋਹਪੁਰੀ, ਨੀਰੂ ਜੱਸਲ, ਦੇਸ ਰਾਜ ਬਾਲੀ, ਰਾਜਵਿੰਦਰ ਕੌਰ ਨਾਗਰਾ, ਅਮਰ ਜਿੰਦ, ਹਰਮਿੰਦਰ ਹੈਰੀ, ਸੁਰਿੰਦਰ ਭਾਰਤੀ, ਡਾ. ਕੇਵਲ ਰਾਮ ਨਵਾਂਸ਼ਹਿਰ, ਰਜਨੀ ਸ਼ਰਮਾ, ਰਾਜ ਸੋਹੀ ਦੀਆਂ ਰਚਨਾਵਾਂ ਦੀ ਹਾਜ਼ਰੀਨ ਵੱਲੋਂ ਦਾਦ ਦਿੱਤੀ ਗਈ। 
ਇਸ ਮੌਕੇ ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ, ਮੈਡਮ ਸੰਦੀਪ ਕੌਰ,‌ ਮੈਡਮ ਅਮਨਦੀਪ ਕੌਰ, ਮੈਡਮ ਸਰਬਜੀਤ ਕੌਰ, ਡਾ. ਗੁਰਮੀਤ ਸਰਾਂ, ਹਰਦੀਪ ਕੁਲਾਮ ਅਤੇ ਲੈਕ. ਨਰੇਸ਼ ਪਾਲ ਵੀ ਹਾਜ਼ਰ ਸਨ। ਮੰਚ ਦਾ ਸੰਚਾਲਨ ਸੰਸਥਾ ਦੇ ਸਕੱਤਰ ਰਜਿੰਦਰ ਜੱਸਲ ਨੇ ਬਾਖੂਬੀ ਨਿਭਾਇਆ ਅਤੇ ਖਜਾਨਚੀ ਹਰੀ ਕ੍ਰਿਸ਼ਨ ਪਟਵਾਰੀ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।