ਨਹੌਣੀ ਪਿੰਡ ਦੇ ਖਿਡਾਰੀ ਆਰੀਅਨ ਨੇ ਇੰਡੋਨੇਸ਼ੀਆ ਵਿਚ ਹੋਏ ਕੌਮਾਂਤਰੀ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ

ਅੰਬਾਲਾ, 22 ਫਰਵਰੀ:- 3 ਫਰਵਰੀ ਤੋਂ 19 ਫਰਵਰੀ ਤੱਕ ਇੰਡੋਨੇਸ਼ੀਆ ਵਿਚ ਆਯੋਜਿਤ ਅੰਤਰਰਾਸ਼ਟਰੀ ਬਾਲ ਬੈਡਮਿੰਟਨ ਮੁਕਾਬਲੇ ਵਿੱਚ ਭਾਰਤ ਲਈ ਸੋਨ ਤਗਮਾ ਜਿੱਤ ਕੇ ਆਏ ਨਹੌਣੀ ਪਿੰਡ ਦੇ ਖਿਡਾਰੀ ਆਰੀਅਨ ਗੁਲ੍ਹਾਟੀ ਦਾ ਪਿੰਡ ਦੀ ਪਾਲ ਚੌਪਾਲ ਵਿਚ ਇਕ ਸਮਾਰੋਹ ਦੌਰਾਨ ਸ਼ਾਨਦਾਰ ਸਵਾਗਤ ਅਤੇ ਸਨਮਾਨ ਕੀਤਾ ਗਿਆ। 
ਇਸ ਸਮਾਰੋਹ ਪਰਿਵਾਰ ਦੇ ਰਿਸ਼ਤੇਦਾਰ, ਪਿੰਡ ਨਿਵਾਸੀ ਅਤੇ ਪ੍ਰਮੁੱਖ ਸਿਆਸੀ ਸ਼ਖ਼ਸੀਅਤਾਂ ਸ਼ਾਮਲ ਹੋਈਆਂ ਜਿਨ੍ਹਾਂ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਗੋਲਡੀ ਸੈਣੀ, ਮੋਨਿਕਾ ਕਾਲੜਾ, ਐਚਐਸਐਸਸੀ ਮੈਂਬਰ ਅਮਰ ਸਿੰਘ ਨੰਦਗੜ੍ਹ, ਸਾਬਕਾ ਮੰਤਰੀ ਕਰਨ ਦੇਵ , ਜਸਮੇਰ ਰਾਣਾ, ਸੰਦੀਪ ਸੈਣੀ, ਸਰਪੰਚ ਸੁਰੇਸ਼ ਕੁਮਾਰ, ਸੰਤ ਗੁਰਮੀਤ ਸਿੰਘ ਧਨੌਰਾ, ਅੰਕੁਸ਼ ਸ਼ਰਮਾ, ਸ਼ਮਸ਼ੇਰ ਗੌਰੀ ਅਤੇ ਭਾਜਪਾ ਓਬੀਸੀ ਮੋਰਚਾ ਦੇ ਸੂਬਾਈ ਉਪ ਪ੍ਰਧਾਨ ਰਮੇਸ਼ ਪਾਲ ਨਹੋਣੀ ਸ਼ਾਮਲ ਸਨ ਜਿਨ੍ਹਾਂ ਨੇ ਆਰੀਅਨ ਨੂੰ ਅਸ਼ੀਰਵਾਦ ਦਿੱਤਾ। 
ਪਿੰਡ ਵਾਸੀਆਂ ਨੇ ਆਰੀਅਨ ਨੂੰ ਫੁੱਲਾਂ ਅਤੇ ਨੋਟਾਂ ਦੇ ਹਾਰਾਂ ਨਾਲ ਲੱਦ ਦਿੱਤਾ। ਇਸ ਮੌਕੇ ਤੇ ਰਮੇਸ਼ ਪਾਲ ਨਹੌਣੀ ਨੇ ਕਿਹਾ ਕਿ ਆਰੀਅਨ ਦੀ ਪ੍ਰਾਪਤੀ ਨੇ ਉਨ੍ਹਾਂ ਦੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਜੇ ਸਰਕਾਰੀ ਨੀਤੀ ਅਨੁਸਾਰ ਆਰੀਅਨ ਨੂੰ ਨੌਕਰੀ ਮਿਲ ਸਕਦੀ ਹੈ ਤਾਂ ਉਹ ਸਰਕਾਰ ਨੂੰ ਉਸ ਨੂੰ ਨੌਕਰੀ ਦੇਣ ਦੀ ਬੇਨਤੀ ਕਰਨਗੇ।
ਇਸ ਤੋਂ ਪਹਿਲਾਂ ਪਰਿਵਾਰ ਅਤੇ ਰਿਸ਼ਤੇਦਾਰ ਆਰੀਅਨ ਨੂੰ ਲੈਣ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਆਰੀਅਨ ਦਾ ਸਵਾਗਤ ਢੋਲ ਵਜਾ ਕੇ ਕੀਤਾ। ਦਿੱਲੀ ਤੋਂ ਆ ਕੇ ਉਸ ਨੇ ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ, ਸਿਰਸਗੜ੍ਹ ਵਿਖੇ ਮੱਥਾ ਟੇਕਿਆ ਜਿੱਥੇ ਸੰਤ ਮਨਦੀਪ ਦਾਸ ਨੇ ਉਸ ਨੂੰ ਸਿਰੋਪਾ ਭੇਟ ਕੀਤਾ। ਉਸ ਤੋਂ ਬਾਅਦ ਸਾਹਾ ਚੌਕ ਤੋਂ ਕਾਰਾਂ ਅਤੇ ਬਾਈਕਾਂ ਦੇ ਕਾਫ਼ਲੇ ਨਾਲ ਆਰੀਅਨ ਨੂੰ ਪਿੰਡ ਲਿਜਾਇਆ ਗਿਆ ਜਿੱਥੇ ਪਿੰਡ ਅਤੇ ਬਜ਼ਾਰ ਵਿਚ ਰੋਡ ਸ਼ੋਅ ਕੱਢਿਆ ਗਿਆ।
 ਦੱਸ ਦੇਈਏ ਕਿ ਆਰੀਅਨ ਦੇ ਪਿਤਾ ਰਜਨੀਸ਼ ਕੁਮਾਰ ਪਿੰਡ ਵਿਚ ਕਰਿਆਨੇ ਦੀ ਦੁਕਾਨ ਕਰਦੇ ਹਨ ਜਦੋਂ ਕਿ ਮਾਤਾ ਪੂਨਮ ਸਰਕਾਰੀ ਸਕੂਲ ਵਿਚ ਅਧਿਆਪਕਾ ਹੈ। ਆਰੀਅਨ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ, ਕੋਚ ਸੁਸ਼ੀਲ ਕੁਮਾਰ ਅਤੇ ਭਾਰਤੀ ਬਾਲ ਬੈਡਮਿੰਟਨ ਮਹਾਸੰਘ ਦੇ ਸਕੱਤਰ ਅਸ਼ੂਤੋਸ਼ ਰਾਣਾ ਨੂੰ ਦਿੱਤਾ ਹੈ।