ਧਨੋਆ ਪਿੰਡ ਤੋਂ ਅੱਜ ਸਜਾਇਆ ਜਾਵੇਗਾ ਨਗਰ ਕੀਰਤਨ
ਹੁਸ਼ਿਆਰਪੁਰ- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਹਰਾ ਨਗਰ ਕੀਰਤਨ ਅੱਜ ਹੁਸ਼ਿਆਰਪੁਰ ਦੇ ਪਿੰਡ ਧਨੋਆ ਤੋਂ ਅਰੰਭ ਹੋਵੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਜਾ ਰਹੇ ਇਸ ਨਗਰ ਕੀਰਤਨ ਵਿੱਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਸੰਗਤਾਂ ਨੂੰ ਇਲਾਹੀ ਗੁਰਬਾਣੀ ਨਾਲ ਜੋੜਨਗੇ।
ਇਹ ਨਗਰ ਕੀਰਤਨ ਅੱਜ ਸਵੇਰੇ 8 ਵਜੇ ਪਿੰਡ ਧਨੋਆ ਦੇ ਗੁਰੂਘਰ ਤੋਂ ਸ਼ੁਰੂ ਹੋ ਕੇ ਹਿੰਮਤਪੁਰ, ਸ਼ਤਾਬਕੋਟ, ਵਧਾਈਆ, ਟੇਰਕਿਆਣਾ, ਛੁਰੀਆਂ, ਨਹਿਰ ਪੁੱਲ, ਬਰਾਰੋਵਾਲ, ਬੇਗਪੁਰ, ਭੇਖੋਵਾਲ, ਖੇਪੜਾ, ਭੋਗੀਆਂ, ਸੈਦੋਵਾਲ, ਘਈਆ, ਬੁੱਧੋਬਰਕਤ, ਛੌੜੀਆਂ, ਗਾਲੋਵਾਲ ਨਵਾਂ ਅਤੇ ਗਾਲੋਵਾਲ ਪੁਰਾਣਾ ਤੋਂ ਹੁੰਦਾ ਹੋਇਆ ਸ਼ਾਮ ਸਮੇਂ ਵੇਈਂ ਦੇ ਪਵਿੱਤਰ ਕੰਢੇ ਸਥਿਤ ਨਿਰਮਲ ਕੁਟੀਆ ਗਾਲੋਵਾਲ ਵਿਖੇ ਸੰਪਨ ਹੋਵੇਗਾ।
ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਜਾਵੇਗਾ ਅਤੇ ਸੰਤ ਸੀਚੇਵਾਲ ਵੱਲੋਂ ਸੰਗਤਾਂ ਨੂੰ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੱਤਾ ਜਾਵੇਗਾ।
