ਵੈਟਨਰੀ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਸੰਗੀਤਕ ਅਤੇ ਨਾਚ ਵਿਧਾਵਾਂ ਦੀ ਕੀਤੀ ਗਈ ਪੇਸ਼ਕਾਰੀ

ਲੁਧਿਆਣਾ-03-ਦਸੰਬਰ-2024: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ 13ਵੇਂ ਯੁਵਕ ਮੇਲੇ ਦਾ ਅੱਜ ਦੂਸਰਾ ਪੜਾਅ ਸ਼ੁਰੂ ਹੋਇਆ ਜਿਸ ਵਿਚ ਸਟੇਜ ’ਤੇ ਕੀਤੀਆਂ ਜਾਣ ਵਾਲੀਆਂ ਪੇਸ਼ਕਾਰੀਆਂ ਦਾ ਮੰਚਨ ਕੀਤਾ ਗਿਆ। ਸ਼੍ਰੀ ਤਰੁਣਪ੍ਰੀਤ ਸਿੰਘ ਸੋਂਦ, ਕੈਬਨਿਟ ਮੰਤਰੀ, ਕਿਰਤ, ਮਹਿਮਾਨ ਨਿਵਾਜ਼ੀ, ਪੇਂਡੂ ਵਿਕਾਸ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਪੰਜਾਬ ਨੇ ਬਤੌਰ ਮੁੱਖ ਮਹਿਮਾਨ ਯੁਵਕ ਮੇਲੇ ਦਾ ਵਿਧੀਵਤ ਉਦਘਾਟਨ ਕੀਤਾ। 
ਸ਼੍ਰੀ ਸੋਂਦ ਨੇ ਕਿਹਾ ਕਿ ਯੂਨੀਵਰਸਿਟੀ ਵੈਟਨਰੀ ਵਿਗਿਆਨ ਦੇ ਖੇਤਰ ਵਿਚ ਜ਼ਿਕਰਯੋਗ ਕਾਰਜ ਕਰ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਨੂੰ ਵੀ ਸਰਾਹਿਆ। ਉਨ੍ਹਾਂ ਕਿਹਾ ਕਿ ਵਿਗਿਆਨ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਉਹ ਉੱਚ ਕਲਾਤਮਕ ਖੂਬੀਆਂ ਰੱਖਦੇ ਹਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਬਹੁਤ ਤਰਕਸੰਗਤ, ਪ੍ਰਭਾਵਸ਼ਾਲੀ ਅਤੇ ਅੰਕੜਾ ਆਧਾਰਿਤ ਵਿਚਾਰ-ਚਰਚਾ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਅੱਗੇ ਆਉਣ ਅਤੇ ਆਪਣੇ ਉਦਮ ਸਥਾਪਿਤ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਪਹਿਲੂ ਤੋਂ ਉਨ੍ਹਾਂ ਦੀ ਮਦਦ ਕਰੇਗੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਯੁਵਕ ਮੇਲਾ ਅਜਿਹਾ ਨਿਵੇਕਲਾ ਮੰਚ ਹੈ ਜਿਥੇ ਵਿਦਿਆਰਥੀਆਂ ਦੇ ਛੁਪੇ ਹੋਏ ਗੁਣ ਵੀ ਸਾਹਮਣੇ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੇਸ਼ੇਵਰ ਡਿਗਰੀਆਂ ਦੀ ਪੜ੍ਹਾਈ ਕਾਫੀ ਮੁਸ਼ਕਿਲ ਹੁੰਦੀ ਹੈ ਅਤੇ ਵਿਦਿਆਰਥੀਆਂ ਨੂੰ ਕਲਾਤਮਕ ਗਤੀਵਿਧੀਆਂ ਲਈ ਥੋੜਾ ਵਕਤ ਮਿਲਦਾ ਹੈ ਇਸ ਦੇ ਬਾਵਜੂਦ ਵਿਦਿਆਰਥੀਆਂ ਦਾ ਪ੍ਰਦਰਸ਼ਨ ਬਹੁਤ ਉੱਚ ਪੱਧਰ ਦਾ ਹੈ।
ਅੱਜ ਦੇ ਦਿਨ ਲੋਕ ਗੀਤ, ਰਚਨਾਤਮਕ ਨਾਚ, ਸ਼ਬਦ ਗਾਇਨ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ) ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਪੀ ਏ ਯੂ ਦੇ ਖੁੱਲ੍ਹੇ ਮੰਚ ’ਤੇ ਕਰਵਾਏ ਗਏ ਸਨ। ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਨਾਲ ਪੀ ਏ ਯੂ ਤੋਂ ਵੀ ਵੱਡੀ ਗਿਣਤੀ ਵਿਚ ਮੋਹਤਬਰ ਸ਼ਖ਼ਸੀਅਤਾਂ ਨੇ ਯੁਵਕ ਮੇਲੇ ਵਿਚ ਸ਼ਿਰਕਤ ਕੀਤੀ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਜਾਣਕਾਰੀ ਦਿੱਤੀ ਕਿ ਵੱਡੀ ਗਿਣਤੀ ਵਿਚ ਵਿਦਿਆਰਥੀ ਆਪਣੀ ਕਲਾ ਦਾ ਮੁਜ਼ਾਹਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਿੰਨ ਕਮੇਟੀਆਂ ਨੇ ਯੁਵਕ ਮੇਲੇ ਨੂੰ ਸਫ਼ਲ ਬਨਾਉਣ ਵਿਚ ਦਿਨ ਰਾਤ ਮਿਹਨਤ ਕੀਤੀ ਹੈ।
ਡਾ. ਅਪਮਿੰਦਰ ਪਾਲ ਸਿੰਘ ਬਰਾੜ, ਪ੍ਰਬੰਧਕੀ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਕੱਲ ਪੀ ਏ ਯੂ ਦੇ ਇਸੇ ਮੰਚ ’ਤੇ ਮਾਈਮ, ਸਕਿਟ, ਇਕਾਂਗੀ ਨਾਟਕ ਅਤੇ ਮਮਿਕਰੀ ਦੇ ਮੁਕਾਬਲੇ ਸਵੇਰੇ 09.00 ਵਜੇ ਤੋਂ ਸ਼ੁਰੂ ਹੋਣਗੇ।
ਡਾ. ਨਿਧੀ ਸ਼ਰਮਾ, ਸੰਯੁਕਤ ਪ੍ਰਬੰਧਕੀ ਸਕੱਤਰ ਨੇ ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਦੱਸਿਆ।

ਨਤੀਜੇ

ਲੋਕ ਗੀਤ
1.      ਜਸਲੀਨ ਜੌਹਰ, ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ
2.      ਹਰਗੁਣ ਕੌਰ, ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ
3.      ਕੋਮਲ, ਕਾਲਜ ਆਫ ਫ਼ਿਸ਼ਰੀਜ਼

 ਰਚਨਾਤਮਕ ਨਾਚ
1.      ਅਨਵੀ ਮਹਾਜਨ, ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ
2.      ਕਨਿਕਾ ਦਦਵਾਲ, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ
3.      ਅਨੁਸ਼ਕਾ, ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ