ਨਗਰ ਕੌਂਸਲ ਚੋਣਾਂ ਨਵਾਂਸ਼ਹਿਰ ਚ ਮੁੜ ਲੰਗੜੀ ਰਹਿਗੀ ਪ੍ਰਧਾਨਗੀ ਵਾਲੀ ਕੁਰਸੀ
ਨਵਾਂਸ਼ਹਿਰ, 29 ਮਈ:- ਪਿਛਲੀ ਵਾਰ ਨਵਾਂਸ਼ਹਿਰ ਵਾਸੀਆਂ ਵਲੋਂ ਨਗਰ ਕੌਂਸਲ ਚੋਣਾ ਤੋਂ ਬਾਅਦ ਜਿਹੜਾ ਸੰਤਾਪ ਭੋਗਿਆ ਉਸ ਦਾ ਹਾਲੇ ਤੱਕ ਗ਼ਮ ਨਹੀਂ ਸੀ ਭੁੱਲਿਆ ਕਿ ਹੁਣ ਇਕ ਵਾਰ ਫ਼ੇਰ ਕਿਸੇ ਨੂੰ ਵੀ ਸੰਪੂਰਨ ਬਹੁਮਤ ਨਾ ਮਿਲਣ ਕਾਰਣ ਨਵਾਂਸ਼ਹਿਰ ਵਾਸੀਆਂ ਨੂੰ ਮੁੜ ਪਿਛਲੇ 5 ਸਾਲਾਂ 'ਚ ਬਿਤਾਈ ਨਰਕਾਂ ਭਰੀ ਜ਼ਿੰਦਗੀ ਵਾਲੇ ਦਿਨ ਮੁੜ ਅੱਗੇ ਆਉਂਣ ਦੇ ਸੁਪਨੇ ਪਹਿਲੇ ਦਿਨ ਹੀ ਸਤਾਉਣ ਲੱਗੇ ਹਨ | ਪਿਛਲੀ ਵਾਰ 'ਚ ਕਾਂਗਰਸ ਮਜ਼ਬੂਤ ਧਿਰ ਵਜੋਂ ਉੱਭਰੀ ਸੀ ਜਿਸ ਦੇ 12 ਕੌਂਸਲਰ ਚੋਣ ਜਿੱਤੇ ਪਰ ਬਾਅਦ 'ਚ ਬਲਵਿੰਦਰ ਕੁਮਾਰ ਤੇ ਡਾਕਟਰ ਕਮਲਜੀਤ ਲਾਲ ਦੇ ਆਪ 'ਚ ਜਾਣ ਕਾਰਣ 10 ਕੌਂਸਲਰ ਰਹਿ ਗਏ ਸਨ ਪਰ 5 ਸਾਲ ਪ੍ਰਧਾਨਗੀ ਦੀ ਕੁਰਸੀ ਲੰਗੜੀ ਰਹੀ ਜਦਕਿ ਇਸ ਸਮੇਂ ਕਾਂਗਰਸ 10 'ਚੋਂ ਵੀ 8 ਸੀਟਾਂ ਤੇ ਆ ਗਈ |
ਆਮ ਆਦਮੀ ਪਾਰਟੀ 6 ਸੀਟਾਂ ਜਿੱਤਕੇ ਪਹਿਲਾਂ ਨਾਲੋਂ ਆਪਣੀ ਬੜਤ ਬਣਾ ਗਈ ਜਦਕਿ ਨਗਰ ਕੌਂਸਲਰ ਪ੍ਰਧਾਨਗੀ ਦੇ ਬਹੁਮਤ ਲਈ ਹਲਕਾ ਵਿਧਾਇਕ ਦੀ ਵੋਟ ਸਮੇਤ 11 ਵੋਟਾਂ ਦੀ ਜ਼ਰੂਰਤ ਹੈ, ਉਹ ਜ਼ਰੂਰਤ ਹੁਣ 2 ਅਕਾਲੀ, 2 ਆਜ਼ਾਦ ਅਤੇ 1 ਬਸਪਾ ਦੇ ਕੌਂਸਲਰ ਤਹਿ ਕਰਨਗੇ ਕਿ ਸੈਲੀ ਟੋਪੀ ਕਾਂਗਰਸ ਦੇ ਸਿਰ ਤੇ ਆਉਂਦੀ ਜਾਂ ਆਮ ਆਦਮੀ ਪਾਰਟੀ ਦੇ ਜਾਂ ਫ਼ਿਰ ਸ਼ਹਿਰ ਵਾਸੀਆਂ ਨੂੰ ਮੁੜ ਪਹਿਲਾਂ ਵਾਂਗ ਸੰਤਾਪ ਭੋਗਣਾ ਪਵੇਗਾ | ਹੋਰ ਤਾਂ ਹੋਰ ਭਾਰਤੀ ਜੰਨਤਾ ਪਾਰਟੀ ਵਲੋਂ ਜਿਸ ਜੋਸ਼ੋ ਖ਼ਰੋਸ਼ ਨਾਲ ਚੋਣਾਂ ਲੜੀਆਂ ਗਈਆਂ ਉਹ ਚੋਣਾਂ ਤੋਂ ਬਾਅਦ ਵਰਕਰਾਂ ਦਾ ਸਾਰਾ ਉਤਸ਼ਾਹ ਢਹਿਢੇਰੀ ਹੋਇਆ ਨਜ਼ਰ ਆ ਰਿਹਾ ਹੈ ਕਿਉਂ ਕਿ ਉਨ੍ਹਾਂ ਦੇ 15 ਦੇ 15 ਉਮੀਦਵਾਰ ਆਪਣੀਆਂ ਜ਼ਮਾਨਤਾਂ ਬਚਾਉਂਣ 'ਚ ਵੀ ਕਾਮਯਾਬ ਨਹੀਂ ਰਹੇ |
ਨਵਾਂਸ਼ਹਿਰ ਦੇ ਵਿਚ 26 ਮਈ ਨੂੰ ਹੋਏ ਮਤਦਾਨ ਦੌਰਾਨ ਉਮੀਦਵਾਰਾਂ ਦੀ ਅੱਜ ਕਿਸਮਤ ਦਾ ਪਿਟਾਰਾ ਖੁੱਲ੍ਹਦਿਆਂ ਕਈਆਂ ਨੂੰ ਤਾਂ ਪਹਿਲੇ ਗੇੜ 'ਚ ਹੀ ਕੱਚੀਆਂ ਤਰੇਲੀਆਂ ਆਉਂਣੀਆਂ ਸ਼ੁਰੂ ਹੋ ਗਈਆਂ | ਤਕਰੀਬਨ 11 ਵਜੇ ਤੱਕ ਚੋਣ ਨਤੀਜੇ ਚੋਣਕਾਰ ਅਫ਼ਸਰ ਮੈਡਮ ਅਨਮਜੋਤ ਕੌਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਜਨਤਕ ਕਰ ਦਿੱਤੇ ਗਏ | ਵਾਰਡ ਨੰਬਰ 1 'ਚ ਆਮ ਆਦਮੀ ਪਾਰਟੀ ਦੇ ਬਲਵਿੰਦਰ ਕੁਮਾਰ, ਵਾਰਡ ਨੰਬਰ 2 ਵਿਚ ਵੀ ਆਮ ਆਦਮੀ ਪਾਰਟੀ ਦੇ ਜਸਕਰਨ ਸਿੰਘ, ਵਾਰਡ ਨੰਬਰ 3 'ਚ ਸ੍ਰ: ਪਰਮ ਸਿੰਘ ਖ਼ਾਲਸਾ ਲਗਾਤਾਰ ਚੌਥੀ ਵਾਰ, ਵਾਰਡ ਨੰਬਰ 4 ਵਿਚ ਵੀ ਸ਼ੋ੍ਰਮਣੀ ਅਕਾਲੀ ਦਲ ਦੇ ਅਤੇ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਦੇ ਸਪੁੱਤਨੀ ਬੀਬੀ ਮਹਿੰਦਰ ਕੌਰ ਖ਼ਾਲਸਾ, ਵਾਰਡ ਨੰਬਰ 5 'ਚੋਂ ਆਪ ਦੇ ਸ਼ਿਵ ਰਾਮ ਕੈਂਥ, ਵਾਰਡ ਨੰਬਰ 6 'ਚੋਂ ਕਾਂਗਰਸ ਦੀ ਸੁਮਿਤ ਪਰਹਾਰ, ਵਾਰਡ ਨੰਬਰ 7 ਤੋਂ ਲਗਾਤਾਰ ਚੋਣਾਂ ਜਿੱਤਣ ਵਾਲੇ ਬੀਬੀ ਕੁਲਵੰਤ ਕੌਰ ਸੈਣੀ, ਵਾਰਡ ਨੰਬਰ 8 ਤੋਂ ਕਾਂਗਰਸ ਦੇ ਹੀ ਰੀਤੂ ਬਡਵਾਲ, ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੇ ਨਿਧੱੜਕ ਪੱਤਰਕਾਰ ਮਾਸਟਰ ਦਵਿੰਦਰ ਕੁਮਾਰ , ਵਾਰਡ ਨੰਬਰ 10 ਤੋਂ ਕਾਂਗਰਸ ਦੇ ਨੀਸ਼ੂ ਚੋਪੜਾ, ਵਾਰਡ ਨੰਬਰ 11 ਤੋਂ ਕਾਂਗਰਸ ਦੇ ਹੀ ਵਰਿੰਦਰ ਚੋਪੜਾ, ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਇੰਦਰਪ੍ਰੀਤ ਕੌਰ ਪਾਠਕ, ਵਾਰਡ ਨੰਬਰ 13 ਤੋਂ ਵਕੀਲ ਪਰਮਜੀਤ ਸਿੰਘ ਬਖ਼ਸ਼ੀ ਐਡਵੋਕੇਟ, ਵਾਰਡ ਨੰਬਰ 14 ਤੋਂ ਆਪ ਦੇ ਸੰਗੀਤਾ ਗਿੱਲ, ਵਾਰਡ ਨੰਬਰ 15 ਤੋਂ ਰਮਨ ਕੁਮਾਰ ਮਾਨ, ਵਾਰਡ ਨੰਬਰ 16 ਤੋਂ ਆਜ਼ਾਦ ਸ੍ਰੀਮਤੀ ਸੁੰਮਨ ਲਾਲ, ਵਾਰਡ ਨੰਬਰ 17 ਤੋਂ ਕਾਂਗਰਸ ਦੇ ਮਮਤਾ ਦੇਵੀ, ਵਾਰਡ ਨੰਬਰ 18 ਤੋਂ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਦੀ ਪਤਨੀ ਪੁਸ਼ਪਾ ਦੇਵੀ ਅਤੇ ਵਾਰਡ ਨੰਬਰ 19 ਤੋਂ ਕਾਂਗਰਸ ਦੀ ਤਰਫ਼ੋਂ ਦੂਸਰੀ ਵਾਰ ਚੁਣੇ ਗਏ ਜਸਵੀਰ ਕੌਰ ਬਡਵਾਲ ਕੌਂਸਰ ਚੁਣੇ ਗਏ ਹਨ | ਇਹ ਆਉਣ ਵਾਲਾ ਸਮਾ ਦੱਸੇਗਾ ਕਿ ਆਉਂਦੇ ਦਿਨਾਂ 'ਚ ਪ੍ਰਧਾਨ ਵਾਲੀ ਸੈਲੀ ਟੋਪੀ ਕਿਸ ਸ਼ਖਸੀਅਤ ਦੇ ਭਾਗੀਂ ਨਸੀਬੀਂ ਹੁੰਦੀ ਹੈ ਜਾਂ ਅੜੀ 'ਚ ਪਿਛਲੇ ਪੰਜ ਸਾਲਾਂ ਵਾਲਾ ਸ਼ਹਿਰ ਵਾਸੀਆਂ ਨੂੰ ਸੰਤਾਪ ਭੋਗਣਾ ਪਵੇਗਾ |
ਅੱਜ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਅੰਗਦ ਸਿੰਘ ਸੈਣੀ, ਬਸਪਾ ਵਲੋਂ ਹਲਕਾ ਵਿਧਾਇਕ ਨਛੱਤਰ ਪਾਲ, ਅਕਾਲੀ ਦਲ ਵਲੋਂ ਡਾਕਟਰ ਗੁਰਪ੍ਰੀਤ ਕੌਰ ਥਿਆੜਾ, ਮਨਜੀਤ ਕੌਰ ਥਿਆੜਾ ਅਤੇ ਆਪ ਦੇ ਲਲਿਤ ਮੋਹਨ ਪਾਠਕ ਕਾਫ਼ਲਿਆਂ ਦੇ ਰੂਪ 'ਚ ਢੋਲ ਢਮੱਕਿਆਂ ਨਾਲ ਸ਼ਹਿਰ 'ਚ ਘੁੰਮਦੇ ਵੇਖੇ ਗਏ ਅਤੇ ਆਪਣੇ ਕੌਂਸਲਰਾਂ ਦੀ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ ਗਏ |
