ਮੁਬਾਰਕਪੁਰ ਝਿੜੀ ਬਾਬਾ ਸ਼ਹਿਜ਼ਾਦਾ ਜੀ ਦਾ ਮੇਲਾ ਸ਼ਰਧਾ ਨਾਲ ਮਨਾਇਆ।

ਨਵਾਂਸ਼ਹਿਰ - ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਝਿੜੀ ਬਾਬਾ ਸ਼ਹਿਜ਼ਾਦਾ ਜੀ ਦੇ ਦਰਬਾਰ ਤੇ ਸਾਲਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ।ਪੰਜ ਦਿਨ ਚੱਲੇ ਇਸ ਮੇਲੇ ਵਿੱਚ ਪਹਿਲੇ ਚਾਰ ਦਿਨ ਨਵਾਂਸ਼ਹਿਰ ਗੜ੍ਹਸ਼ੰਕਰ ਰੋਡ ਤੇ ਹੋਲੇ ਮਹੱਲੇ ਨੂੰ ਜਾ ਰਹੀਆਂ ਸੰਗਤਾਂ ਲਈ ਲੰਗਰ ਲਗਾਇਆ ਗਿਆ ਜਿਸ ਵਿੱਚ ਸਾਰੇ ਨਗਰ ਨੇ ਵੱਧ ਚੜ੍ਹਕੇ ਸੇਵਾ ਕੀਤੀ।ਰੱਖੇ ਗਏ ਰਮਾਇਣ ਦੇ ਪਾਠ ਦੇ ਭੋਗ ਉਪਰੰਤ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਉਣ ਦੀ ਰਸਮ ਅਦਾ ਕੀਤੀ ਅਤੇ ਸ਼ਾਮ ਨੂੰ ਹੋਲਿਕਾ ਦਹਨ ਕੀਤੀ ਗਈ। ਮੇਲੇ ਦੇ ਆਖਰੀ ਦਿਨ ਕਲਾਕਾਰ ਕਮਲ ਕਟਾਣੀਆ ਤੋਂ ਬਾਅਦ ਵਿਸ਼ਵ ਪ੍ਰਸਿੱਧ ਕਲਾਕਾਰ ਮਨਮੋਹਣ ਵਾਰਿਸ ਨੇ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਸੰਗਤਾਂ ਨੂੰ ਲੋਕ ਮੇਲੇ ਦੀ ਵਧਾਈ ਦਿੰਦਿਆਂ ਪੰਜਾਬੀਆਂ ਦੇ ਹਿੱਸੇ ਆਏ ਮਹਾਨ ਵਿਰਸੇ ਨੂੰ ਗੀਤਾਂ ਰਾਹੀਂ ਬਿਆਨ ਕੀਤਾ।ਇਸ ਮੌਕੇ ਕਾਬਲ ਸਿੰਘ ਅਤੇ ਜਸਵੀਰ ਸਿੰਘ ਹੋਰਾਂ ਨੇ ਆਈਆਂ ਸੰਗਤਾਂ ਅਤੇ ਮੇਲੇ ਦੀ ਸਫ਼ਲਤਾ ਲਈ ਸੇਵਾਦਾਰਾਂ ਦਾ  ਅਤੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੇਲੇ ਨੂੰ ਸਫਲ ਬਣਾਉਣ ਲਈ ਦਿਨ ਰਾਤ ਇੱਕ ਕੀਤਾ।ਇਸ ਮੇਲੇ ਨੂੰ ਸਫਲ ਬਣਾਉਣ ਲਈ ਪਿੰਡ ਦੇ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਟੇਜ ਦੀ ਭੂਮਿਕਾ ਮਨਜੀਤ ਸਿੰਘ ਲੱਲੀਆਂ ਨੇ ਬਾਖੂਬੀ ਨਿਭਾਈ। ਸਾਰੇ ਦਿਨ ਲੰਗਰਾਂ ਦੀ ਸੇਵਾ ਲਗਾਤਾਰ ਜਾਰੀ ਰਹੀ।