ਸ਼੍ਰੀ ਰਵਿੰਦਰ ਜੱਸਲ ਨੇ ਡਿਪਟੀ ਮਾਸ ਮੀਡੀਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ
ਹੁਸ਼ਿਆਰਪੁਰ- ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਰਵਿੰਦਰ ਜੱਸਲ ਨੇ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਤੇ ਮਾਸ ਮੀਡੀਆ ਵਿੰਗ ਵਲੋਂ ਡਿਪਟੀ ਮਾਸ ਮੀਡੀਆ ਅਫ਼ਸਰ ਮੈਡਮ ਰਮਨਦੀਪ ਕੌਰ ਵਲੋਂ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਸਿਵਲ ਸਰਜਨ ਡਾਕਟਰ ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ। ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਬੀਰ ਸਿੰਘ ਵਲੋਂ ਰਵਿੰਦਰ ਜੱਸਲ ਜੀ ਨੂੰ ਸ਼ੁਭਕਾਮਨਾਵਾਂ ਦਿੱਤੀਆ ਗਈਆਂ ਅਤੇ ਸਿਹਤ ਵਿਭਾਗ ਦੇ ਪ੍ਰੋਗਰਾਮਾਂ ਅਤੇ ਸਕੀਮਾਂ ਨੂੰ ਜਿਆਦਾ ਤੋ ਜ਼ਿਆਦਾ ਲੋਕਾਂ ਤਕ ਪਹੁੰਚਾਉਣ ਲਈ ਕਿਹਾ।
ਅਹੁਦਾ ਸੰਭਾਲਣ ਮੌਕੇ ਨਵੇਂ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਰਵਿੰਦਰ ਜੱਸਲ ਨੇ ਕਿਹਾ ਕਿ ਉਹ ਇਸ ਅਹੁਦੇ ਤੇ ਰਹਿੰਦੇ ਹੋਏ ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੇ ਸਾਰੇ ਕੌਮੀ ਅਤੇ ਰਾਜ ਪੱਧਰੀ ਪ੍ਰੋਗਰਾਮਾਂ ਨਾਲ ਸੰਬੰਧਤ ਜਾਗਰੂਕਤਾ ਸੈਮੀਨਾਰ, ਵਰਕਸ਼ਾਪ, ਸਿੱਖਲਾਈਆਂ ਦਾ ਆਯੋਜਨ ਅਤੇ ਮੀਡੀਆ ਦੇ ਸਹਿਯੋਗ ਨਾਲ ਪ੍ਰੈਸ ਕਵਰੇਜ ਕਰਵਾ ਕੇ ਵੱਧ ਤੋ ਵੱਧ ਲੋਕਾਂ ਤੱਕ ਇਸ ਦੀ ਜਾਣਕਾਰੀ ਪਹੁੰਚਾਉਣਗੇ, ਤਾਂ ਕਿ ਲੋਕ ਇਨ੍ਹਾਂ ਸਿਹਤ ਸਕੀਮਾਂ ਦਾ ਸਮੇਂ ਤੇ ਫਾਇਦਾ ਲੈ ਸਕਣ।
ਉਨਾਂ ਕਿਹਾ ਕਿ ਹੁਸ਼ਿਆਰਪੁਰ ਦੇ ਅਰਬਨ ਇਲਾਕੇ ਦੇ ਨਾਲ ਨਾਲ ਕੁੱਲ 9 ਸਿਹਤ ਬਲਾਕਾਂ ਵਿੱਚ ਵੀ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇਗਾ, ਤਾਂ ਕਿ ਲੋਕ ਸਰਕਾਰ ਦੇ ਹਰੇਕ ਪ੍ਰੋਗਰਾਮ ਤੋਂ ਜਾਣੂ ਹੋ ਕੇ ਉਸਦਾ ਲਾਭ ਪ੍ਰਾਪਤ ਕਰ ਸਕਣ। ਇਸ ਮੌਕੇ ਤੇ ਬਲਾਕ ਐਕਸਟੈਂਸ਼ਨ ਐਜੁਕੇਟਰ ਅਮਨਦੀਪ ਸਿੰਘ ਤੇ ਰੋਹਿਤ ਸ਼ਰਮਾ ਅਤੇ ਸੰਦੀਪ ਸਿੰਘ ਵੀ ਮੌਜੂਦ ਸਨ।
