ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸਬਤਹਿਸੀਲ ਮਾਹਿਲਪੁਰ ਦੀ ਹੋਈ ਮਹੀਨਾਵਾਰ ਮੀਟਿੰਗ

ਹੁਸ਼ਿਆਰਪੁਰ:- ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸਬ-ਤਹਿਸੀਲ ਮਾਹਿਲਪੁਰ ਦੀ ਮਹੀਨਾਵਾਰ ਮੀਟਿੰਗ  ਪ੍ਰਿੰਸੀਪਲ ਪਿਆਰਾ ਸਿੰਘ ਸਰਪ੍ਰਸਤ, ਜਨਰਲ ਸਕੱਤਰ ਮੱਖਣ ਸਿੰਘ, ਖਜਾਨਚੀ ਬਾਬੂ ਓਮ ਦੱਤ, ਜੈ ਰਾਮ ਬਾੜੀਆਂ, ਪ੍ਰਿੰਸੀਪਲ ਲਹਿੰਬਰ ਰਾਮ, ਅਤੇ ਬਲਦੇਵ ਸਿੰਘ ਢੱਕੋਂ ਦੀ ਅਗਵਾਈ ਵਿੱਚ ਮਾਹਿਲਪੁਰ ਵਿਖੇ ਹੋਈ। ਮੀਟਿੰਗ ਵਿੱਚ ਪੈਨਸ਼ਨਰ ਆਗੂਆਂ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਜਿਸ ਵਿੱਚ ਪੈਨਸ਼ਨਰਾਂ ਲਈ 2.59 ਗੁਣਾਂਕ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ, ਪੇਅ-ਕਮਿਸ਼ਨ ਦਾ ਯਕਮੁਸ਼ਤ ਬਕਾਇਆ ਅਤੇ ਹੋਰ ਕਈ ਹੱਕੀ ਅਤੇ ਜਾਇਜ ਮੰਗਾਂ ਪ੍ਰਤੀ ਸਰਕਾਰ ਨੇ ਟਾਲਮਟੋਲ ਦੀ ਨੀਤੀ ਅਪਣਾਈ ਹੋਈ ਹੈ। 
ਪ੍ਰਿੰਸੀਪਲ ਮੋਹਣ ਸਿੰਘ ਅਤੇ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਐਨ ਮੌਕੇ ਤੇ ਮੀਟਿੰਗ ਰੱਦ ਕਰ ਦਿੰਦੀ ਹੈ। ਜਿਸ ਨਾਲ ਪੰਜਾਬ ਸਰਕਾਰ ਦਾ ਪੈਨਸ਼ਨਰ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ। ਪੈਨਸ਼ਨਰ ਆਗੂਆਂ ਵਲੋਂ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਦੀ ਮੋਦੀ ਸਰਕਾਰ ਦੇ ਕਾਰਪੋਰਟ ਪੱਖੀ ਹੋਣ ਦੀ ਵੀ ਅਲੋਚਨਾ ਕੀਤੀ ਗਈ ਅਤੇ ਆਗੂਆਂ ਨੇ ਕਿਹਾ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਪੈਨਸ਼ਨ ਬੰਦ ਕਰਨ ਵਾਲੀ ਸਰਕਾਰ ਹੁਣ 2004 ਤੋਂ ਪਹਿਲਾਂ ਭਰਤੀ ਹੋਏ ਮੁਲਾਜਮਾਂ ਦੇ ਸੇਵਾਮੁਕਤ ਹੋਣ ਤੇ ਮਹਿੰਗਾਈ ਭੱਤੇ ਨੂੰ ਡੀਲਿੰਕ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। ਜਿਸਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। 
ਇਸ ਮੌਕੇ ਆਗੂਆਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਲ੍ਹਾ ਕਮੇਟੀ ਵਲੋਂ ਅੱਸੀ ਸਾਲ ਤੋਂ ਵੱਡੇ ਪੈਨਸ਼ਨਰਾਂ ਨੂੰ 17 ਦਸੰਬਰ ਨੂੰ ਭਾਰਤ ਪੈਲੇਸ ਨੇੜੇ ਪ੍ਰਭਾਤ ਚੌਂਕ ਹੁਸਿਆਰਪੁਰ ਵਿਖੇ ਸਨਮਾਨਿਤ ਕੀਤਾ ਜਾਵੇਗਾ। 
ਇਸ ਮੌਕੇ ਜੋਗਿੰਦਰ ਸਿੰਘ, ਮੋਹਣ ਸਿੰਘ, ਰਾਮ ਸਰੂਪ, ਵਰਿੰਦਰ ਸ਼ਰਮਾ ਭਾਰਟਾ, ਲਹਿੰਬਰ ਸਿੰਘ, ਸੋਹਣ ਲਾਲ, ਅਮਰਜੀਤ ਸਿੰਘ, ਤਰਸੇਮ ਲਾਲ, ਹੰਸਰਾਜ, ਰਾਮ ਆਸਰਾ, ਸ਼ਿੰਦਰ ਪਾਲ, ਰਜਿੰਦਰ ਸਿੰਘ, ਪ੍ਰਿੰਸੀਪਲ ਜਰਨੈਲ ਸਿੰਘ, ਗਿਆਨੀ ਤਾਰਾ ਸਿੰਘ, ਟਹਿਲ ਸਿੰਘ, ਬਾਬਾ ਗੁਰਦੇਵ ਚੰਦ,ਦਵਿੰਦਰ ਸਿੰਘ ਡਾਂਡੀਆ, ਜਰਨੈਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਪੈਨਸ਼ਨਰ ਹਾਜਰ ਸਨ।