ਕਵੀ ਮੰਚ ਮੁਹਾਲੀ ਦੀ ਮਾਸਿਕ ਇਕੱਤਰਤਾ

ਐਸ ਏ ਐਸ ਨਗਰ, 28 ਅਗਸਤ- ਕਵੀ ਮੰਚ (ਰਜਿ.) ਮੁਹਾਲੀ ਵੱਲੋਂ ਸਥਾਨਕ ਫੇਜ਼-6 ਦੇ ਆਰੀਆ ਸਮਾਜ ਮੰਦਿਰ ਵਿੱਚ ਮਾਸਿਕ ਸਾਹਿਤਕ ਇਕੱਤਰਤਾ ਕੀਤੀ ਗਈ, ਜਿਸ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਨੇ ਕੀਤੀ, ਜਦੋਂ ਕਿ ਪ੍ਰਧਾਨਗੀ ਮੰਡਲ ਵਿੱਚ ਰਣਜੋਧ ਸਿੰਘ ਰਾਣਾ ਅਤੇ ਵਿਮਲਾ ਗੁਗਲਾਨੀ ਸ਼ਾਮਲ ਹੋਏ। ਇਸ ਮੌਕੇ ਜਗਪਾਲ ਸਿੰਘ ਆਈ.ਏ.ਐਫ. (ਰਿਟਾ.) ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਇਕੱਤਰਤਾ ਦੀ ਸ਼ੁਰੂਆਤ ਵਿੱਚ ਉਸਤਾਦ ਸ਼ਹੀਦ ਸਿਰੀ ਰਾਮ ਅਰਸ਼, ਕਲਾਕਾਰ ਜਸਵਿੰਦਰ ਭੁੱਲਰ, ਉੱਘੇ ਕਵੀ ਮਲਕੀਤ ਨਾਗਰਾ ਦੀ ਮਾਤਾ ਪਾਲ ਕੌਰ ਨਾਗਰਾ ਅਤੇ ਪੰਜਾਬ ਤੇ ਇਸ ਦੇ ਨਾਲ ਦੇ ਸੂਬਿਆਂ ਵਿੱਚ ਆਏ ਹੜ੍ਹਾਂ ਕਾਰਨ ਹੋਈਆਂ ਮੌਤਾਂ ’ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਅਤੇ 2 ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਗੀਤਕਾਰ ਧਿਆਨ ਸਿੰਘ ਕਾਹਲੋਂ ਨੇ ਅਰਸ਼ ਦੀ ਯਾਦ ਵਿੱਚ ਗੀਤ ਸੁਣਾ ਕੇ ਉਨ੍ਹਾਂ ਨੂੰ ਯਾਦ ਕੀਤਾ। ਬਹਾਦਰ ਸਿੰਘ ਗੋਸਲ ਨੇ ਸ਼ਹੀਦ ਊਧਮ ਸਿੰਘ ’ਤੇ ਕਵਿਤਾ ਪੇਸ਼ ਕੀਤੀ, ਜਦਕਿ ਮੰਗਲ ਗਿੱਲ ਸਾਹਿਬਚੰਦੀਆ ਨੇ ਗੀਤ ਪੇਸ਼ ਕੀਤਾ। ਦਲਬੀਰ ਸਿੰਘ ਸਰੋਆ ਨੇ ਸ਼ਹੀਦ ਪੇਸ਼ ਕੀਤੀ, ਜਦੋਂਕਿ ਅੰਸ਼ੂਕਰ ਮਹੇਸ਼ ਨੇ “ਮਾਂ ਦੇ ਦਾਜ ਇਕੋ ਇਕ ਨਿਸ਼ਾਨੀ ਜਿੰਦਾਬਾਦ ਹੈ” ਪੇਸ਼ ਕੀਤੀ।
ਪ੍ਰੋ. ਅਮਰਜੀਤ ਅਰਪਣ ਨੇ ਸਾਹਿਤ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਵਿਤਾ ਪੇਸ਼ ਕੀਤੀ ਅਤੇ ਪ੍ਰਤਾਪ ਪਾਰਸ ਨੇ ਗੀਤ ਪੇਸ਼ ਕੀਤਾ। ਵਿਮਲਾ ਗੁਗਲਾਨੀ ਨੇ ਦੇਸ਼ ਦੀ ਮਹਿਮਾ ’ਤੇ ਅਤੇ ਰਣਜੋਧ ਰਾਣਾ ਨੇ ਆਪਣੀ ਰਚਨਾ ਸੁਣਾਈ। ਇਸ ਤੋਂ ਇਲਾਵਾ ਖੁਸ਼ੀ ਰਾਮ ਨਿਮਾਣਾ, ਜਗਤਾਰ ਸਿੰਘ ਜੋਗ, ਐਸ.ਕੇ. ਅਰੋੜਾ, ਦਰਸ਼ਨ ਸਿੰਘ ਕਾਕਾ, ਬਲਵਿੰਦਰ ਸਿੰਘ ਢਿੱਲੋਂ, ਚਰਨਜੀਤ ਸਿੰਘ ਕਲੇਰ, ਪਾਲ ਅਜਨਬੀ ਹੋਰਾਂ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਤਾੜੀਆਂ ਬਟੋਰੀਆਂ। ਅਖੀਰ ਵਿੱਚ ਭਗਤ ਰਾਮ ਰੰਗਾੜਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਆਪਣੀ ਕਵਿਤਾ ਸੁਣਾਈ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਧਿਆਨ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ।