ਮੁਹਾਲੀ ਪੁਲੀਸ ਵੱਲੋਂ ਚੋਰ ਕਾਬੂ

ਐਸ. ਏ. ਐਸ. ਨਗਰ, 8 ਸਤੰਬਰ- ਥਾਣਾ ਫੇਜ਼ 1 ਦੀ ਪੁਲੀਸ ਵੱਲੋਂ ਘਰਾਂ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਤੋਂ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਹੈ।
ਡੀ. ਐਸ. ਪੀ. ਸਿਟੀ 1 ਸ੍ਰੀ ਪ੍ਰਿਥਵੀ ਸਿੰਘ ਚਾਹਲ ਨੇ ਦੱਸਿਆ ਕਿ ਇਸ ਸੰਬੰਧੀ ਫੇਜ਼ 5 ਦੇ ਇੱਕ ਪੀ. ਜੀ. ਵਿੱਚ ਰਹਿੰਦੇ ਅਰੁਣ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਦੀ ਚਾਂਦੀ ਦੀ ਚੇਨ ਅਤੇ ਲੈਪਟਾਪ ਚੋਰੀ ਹੋ ਗਏ ਹਨ, ਜਿਸ ਸੰਬੰਧੀ ਪੁਲੀਸ ਵੱਲੋਂ ਬੀ. ਐਨ. ਐਸ. ਦੀ ਧਾਰਾ 331(3), 305 ਤਹਿਤ ਮਾਮਲਾ ਦਰਜ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਥਾਣਾ ਫੇਜ਼ 1 ਦੇ ਮੁਖ ਅਫਸਰ ਸੁਖਬੀਰ ਸਿੰਘ ਦੀ ਟੀਮ ਵੱਲੋਂ ਮਾਮਲੇ ਨੂੰ ਟਰੇਸ ਕਰਦੇ ਹੋਏ ਗੌਰਵ ਵਾਸੀ ਬੇਈ, ਤਹਿ. ਘੁਮਾਰਸੈਨ, ਜ਼ਿਲ੍ਹਾ ਸ਼ਿਮਲਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਤੋਂ ਡੂੰਘਾਈ ਨਾਲ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਚੋਰੀਆਂ ਕਰਨ ਦਾ ਜੁਰਮ ਕਬੂਲ ਕਰ ਲਿਆ ਹੈ ਅਤੇ ਪੁਲੀਸ ਰਿਮਾਂਡ ਤਹਿਤ ਉਸ ਤੋਂ ਤਿੰਨ ਲੈਪਟਾਪ, ਚਾਂਦੀ ਦੀ ਚੇਨ, 2 ਮੋਬਾਇਲ ਫੋਨ, 1 ਸਮਾਰਟ ਘੜੀ ਅਤੇ 3 ਸਿੰਪਲ ਘੜੀਆਂ ਤੇ 11,600 ਰੁਪਏ ਨਕਦ ਬਰਾਮਦ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਬਰਾਮਦ ਹੋਏ ਸਾਮਾਨ ਦੇ ਆਧਾਰ ’ਤੇ ਮੁਕੱਦਮੇ ਵਿੱਚ ਬੀ. ਐਨ. ਐਸ. ਦੀ ਧਾਰਾ 317(2) ਦਾ ਵਾਧਾ ਕੀਤਾ ਗਿਆ ਹੈ। ਪੁਲੀਸ ਜਾਂਚ ਕਰ ਰਹੀ ਹੈ।