ਮੁਹਾਲੀ ਪੁਲੀਸ ਵਲੋਂ ਦੇਸੀ ਪਿਸਤੌਲ ਸਮੇਤ 5 ਵਿਅਕਤੀ ਕਾਬੂ
ਐਸ ਏ ਐਸ ਨਗਰ, 23 ਅਕਤੂਬਰ- ਮੁਹਾਲੀ ਪੁਲੀਸ ਵੱਲੋਂ ਦੇਸੀ ਪਿਸਤੌਲ ਸਮੇਤ 5 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸ੍ਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਸ੍ਰੀ ਹਰਮਨਦੀਪ ਸਿੰਘ ਹੰਸ ਦੀਆਂ ਹਿਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਥਾਣਾ ਸੋਹਾਣਾ ਦੇ ਮੁਖੀ ਅਫ਼ਸਰ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਚੈਕਿੰਗ ਦੌਰਾਨ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਖ਼ਤਰਨਾਕ ਵਿਅਕਤੀਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਰਾਤ ਨੂੰ ਵਾਰਦਾਤਾਂ ਨੂੰ ਅੰਜਾਮ ਦਿੱ ਤਾ ਜਾ ਸਕਦਾ ਹੈ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲੀਸ ਪਾਰਟੀ ਬਣਾਈ ਗਈ ਸੀ ਅਤੇ ਥਾਣਾ ਸੋਹਾਣਾ ਦੇ ਖੇਤਰ ਦੀ ਲਗਾਤਾਰ ਚੈਕਿੰਗ ਦੌਰਾਨ ਆਰੋਪੀਆਂ ਅਰਮ ਸਿੰਘ ਵਾਸੀ ਛੋਟੀ ਹਵੇਲੀ, ਮੁਹੰਮਦ ਅਰਬਾਜ਼ ਵਾਸੀ ਨਜ਼ਵਾਬਾਦ, ਬਿਜਨੌਰ (ਉੱਤਰ ਪ੍ਰਦੇਸ਼), ਹਰਸ਼ ਸ਼ਰਮਾ ਵਾਸੀ ਪਿੰਡ ਚੀਕਾ ਹਰਿਆਣਾ, ਬਲਜਿੰਦਰ ਸਿੰਘ ਵਾਸੀ ਨੂਰਪੁਰ ਰੋਪੜ ਅਤੇ ਪਰਮਜੀਤ ਸਿੰਘ ਵਾਸੀ ਲਹਿਰਾ ਸੰਗਰੂਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਇੱਕ ਦੇਸੀ ਪਿਸਟਲ (315 ਬੋਰ) ਅਤੇ 12 ਜਿੰਦਾ ਰੌਂਦ (315 ਬੋਰ) ਬਰਾਮਦ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲੀਸ ਵੱਲੋਂ ਅਸਲਾ ਐਕਟ ਦੀ ਧਾਰਾ 25/54/59 ਤਹਿਤ ਮਾਮਲਾ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤਾਂ ਜੋ ਆਰੋਪੀਆਂ ਦੇ ਅਗਲੇ ਪਿਛਲੇ ਸੰਬੰਧਾਂ ਦਾ ਪਤਾ ਲਗਾਇਆ ਜਾ ਸਕੇ।
