2 ਜੂਨ ਤੋਂ ਆਰੰਭ ਹੋਵੇਗਾ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਮੁਹਾਲੀ ਦਾ ਅਥਲੈਟਿਕਸ ਸਮਰ ਕੈਂਪ

ਐਸ.ਏ.ਐਸ. ਨਗਰ, 31 ਮਈ- ਮੁਹਾਲੀ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ 2 ਜੂਨ ਤੋਂ 20 ਜੂਨ ਤੱਕ ਜਨਰਲ ਫਿਟਨੈਸ ਅਤੇ ਸਰੀਰਕ ਤੰਦਰੁਸਤੀ ਲਈ ਸਮਰ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਸਵਰਣ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਅੱਠ ਸਾਲ ਤੋਂ ਉੱਪਰ ਦੇ ਲੜਕੇ, ਲੜਕੀਆਂ ਅਤੇ ਵੈਟਰਨ ਅਥਲੀਟ ਇਸ ਕੈਂਪ ਦਾ ਹਿੱਸਾ ਬਣ ਸਕਦੇ ਹਨ।
ਉਹਨਾਂ ਦੱਸਿਆ ਕਿ ਮਲਕੀਤ ਸਿੰਘ, ਗੁਰਮਿੰਦਰ ਸਿੰਘ ਧੇਸੀ ਅਤੇ ਮਨਦੀਪ ਕੌਰ ਟ੍ਰੇਨਰਾਂ ਦੇ ਰੂਪ ਵਿੱਚ ਬੱਚਿਆਂ ਨੂੰ ਅਥਲੈਟਿਕਸ ਦੀਆਂ ਬੇਸਿਕ ਕਿਰਿਆਵਾਂ ਰਾਹੀਂ ਜਾਣਕਾਰੀ ਦੇਣਗੇ ਅਤੇ ਸਰੀਰਕ ਫਿਟਨੈਸ ਲਈ ਜ਼ਰੂਰੀ ਅਭਿਆਸ ਕਰਵਾਉਣਗੇ।
ਉਹਨਾਂ ਦੱਸਿਆ ਕਿ ਇਹ ਕੈਂਪ ਹਰ ਰੋਜ਼ ਸਵੇਰੇ 6 ਵਜੇ ਤੋਂ 8 ਵਜੇ ਤੱਕ ਅਤੇ ਸ਼ਾਮ ਨੂੰ 5:30 ਵਜੇ ਤੋਂ 7:30 ਵਜੇ ਤੱਕ ਵਾਈ.ਪੀ.ਐਸ. ਸਕੂਲ ਦੇ ਸਾਹਮਣੇ ਪੈਂਦੇ ਸ਼ਹੀਦ ਭਗਤ ਸਿੰਘ ਨੇਚਰ ਪਾਰਕ ਵਿੱਚ ਚੱਲੇਗਾ। ਇਸ ਕੈਂਪ ਵਿੱਚ ਬੱਚਿਆਂ ਨੂੰ ਉਮਰ ਦੇ ਅਨੁਸਾਰ ਵੱਖ-ਵੱਖ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਗਰੁੱਪ ਨੂੰ ਵੱਖਰੇ ਕੋਚ ਰਾਹੀਂ ਸਿਖਲਾਈ ਦਿੱਤੀ ਜਾਵੇਗੀ। ਸ਼ਹਿਰ ਦੇ ਸਪੋਰਟਸ ਪ੍ਰੇਮੀਆਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਹੋਵੇਗਾ। ਜੋ ਬੱਚੇ ਇਸ ਕੈਂਪ ਵਿੱਚ ਪੂਰੀ ਰੁਚੀ ਲੈ ਕੇ ਅਤੇ ਰੈਗੂਲਰ ਰਹਿ ਕੇ ਇਸ ਕੈਂਪ ਦਾ ਹਿੱਸਾ ਬਣਨਗੇ, ਉਹਨਾਂ ਨੂੰ ਕੈਂਪ ਦੀ ਸਮਾਪਤੀ ਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ।
ਇਸ ਕੈਂਪ ਲਈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ। ਇਹ ਕੈਂਪ ਸਿਰਫ਼ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਅਤੇ ਆਮ ਜੀਵਨ ਵਿੱਚ ਸਰੀਰਕ ਫਿਟਨੈਸ ਦੀ ਮਹੱਤਤਾ ਲਈ ਐਸੋਸੀਏਸ਼ਨ ਦਾ ਇੱਕ ਉਪਰਾਲਾ ਹੈ।