ਅੱਗ ਗੈਸ ਲੀਕ ਧੂੰਏਂ ਮਲਬੇ ਅਤੇ ਪਾਣੀ ਵਿੱਚੋਂ ਰੈਸਕਿਊ ਸਬੰਧੀ ਮੌਕ ਡਰਿੱਲ ਕਰਵਾਈ
ਪਟਿਆਲਾ:- ਪੰਜਾਬ ਦੇ ਸਿਹਤ ਮੰਤਰੀ **ਡਾ. ਬਲਵੀਰ ਸਿੰਘ**, ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ **ਮਾਤਾ ਕੁਸ਼ੱਲਿਆ ਹਸਪਤਾਲ ਨਰਸਿੰਗ ਸਕੂਲ** ਵਿਖੇ ਚੱਲ ਰਹੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਅਤੇ ਫਾਇਰ ਸੇਫਟੀ ਟ੍ਰੇਨਿੰਗ ਕੈਂਪ ਦੌਰਾਨ ਵਿਦਿਆਰਥਣਾਂ ਨੂੰ ਵੱਖ-ਵੱਖ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ।
ਪ੍ਰਿੰਸੀਪਲ **ਸ਼੍ਰੀਮਤੀ ਸੁਰਿੰਦਰ ਪਾਲ ਕੌਰ** ਦੀ ਅਗਵਾਈ ਹੇਠ ਫਸਟ ਈਅਰ ਦੀਆਂ ਵਿਦਿਆਰਥਣਾਂ ਨੂੰ **ਸ਼੍ਰੀ ਕਾਕਾ ਰਾਮ ਵਰਮਾ**, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਟ੍ਰੇਨਰ ਵੱਲੋਂ ਵੱਖ-ਵੱਖ ਵਿਸ਼ਿਆਂ ਬਾਰੇ ਪ੍ਰਯੋਗਿਕ ਅਤੇ ਸਿਧਾਂਤਕ ਸਿਖਲਾਈ ਦਿੱਤੀ ਜਾ ਰਹੀ ਹੈ।
ਇਸ ਮੌਕੇ **ਸ਼੍ਰੀ ਕਾਕਾ ਰਾਮ ਵਰਮਾ** ਅਤੇ **ਸ਼੍ਰੀ ਜਤਿੰਦਰ ਪਾਲ ਸਿੰਘ**, ਸਾਬਕਾ ਏ.ਡੀ.ਐਫ.ਓ., ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੇ ਵੱਖ-ਵੱਖ ਪ੍ਰਦਰਸ਼ਨਾਂ ਰਾਹੀਂ ਦੱਸਿਆ ਕਿ ਅਤਿ ਦੀ ਗਰਮੀ, ਲੂ ਅਤੇ ਵੱਧਦੇ ਤਾਪਮਾਨ ਕਾਰਨ ਲੱਗਣ ਵਾਲੀਆਂ ਅੱਗਾਂ, ਗੈਸ ਲੀਕ, ਬਿਜਲੀ ਦੇ ਸ਼ਾਰਟ ਸਰਕਟ ਅਤੇ ਪੈਟਰੋਲੀਅਮ ਪਦਾਰਥਾਂ ਨਾਲ ਲੱਗੀ ਅੱਗ ਦੌਰਾਨ ਕਿਸ ਤਰ੍ਹਾਂ ਸੁਰੱਖਿਅਤ ਢੰਗ ਨਾਲ ਰੈਸਕਿਊ ਕਾਰਜ ਕੀਤੇ ਜਾਣ।
ਉਨ੍ਹਾਂ ਨੇ ਪਾਣੀ ਵਿੱਚ ਡੁੱਬ ਰਹੇ ਵਿਅਕਤੀ, ਧੂੰਏਂ ਜਾਂ ਮਲਬੇ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਤਰੀਕੇ ਵੀ ਸਮਝਾਏ। ਇਸ ਦੇ ਨਾਲ ਹੀ **ਸੀ.ਪੀ.ਆਰ. (CPR)**, ਬਣਾਉਟੀ ਸਾਹ (ਵੈਂਟੀਲੇਸ਼ਨ) ਅਤੇ ਮੁੱਢਲੀ ਸਹਾਇਤਾ ਰਾਹੀਂ ਬੇਹੋਸ਼ ਜਾਂ ਸਾਹ ਰੁਕਣ ਵਾਲੇ ਵਿਅਕਤੀ ਦੀ ਜਾਨ ਬਚਾਉਣ ਦੇ ਤਰੀਕਿਆਂ ਦੀ ਵੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਗਈ। ਵਿਦਿਆਰਥਣਾਂ ਨੂੰ ਪੱਟੀਆਂ, ਫੱਟੀਆਂ ਅਤੇ ਰੱਸੀਆਂ ਦੀ ਸਹੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਐਮਰਜੈਂਸੀ ਸਥਿਤੀਆਂ ਦੌਰਾਨ ਪ੍ਰਭਾਵਸ਼ਾਲੀ ਢੰਗ ਨਾਲ ਰਾਹਤ ਕਾਰਜ ਕਰਨ ਲਈ ਵਿਦਿਆਰਥਣਾਂ ਦੀਆਂ **10 ਵੱਖ-ਵੱਖ ਟੀਮਾਂ** ਬਣਾਈਆਂ ਗਈਆਂ ਅਤੇ ਉਨ੍ਹਾਂ ਤੋਂ ਮੌਕ ਡਰਿੱਲ ਕਰਵਾਈ ਗਈ, ਤਾਂ ਜੋ ਅਸਲ ਆਫ਼ਤ ਦੇ ਸਮੇਂ ਉਹ ਤੁਰੰਤ ਅਤੇ ਸੁਚੱਜੇ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਸਕਣ।
ਪ੍ਰਿੰਸੀਪਲ **ਸ਼੍ਰੀਮਤੀ ਸੁਰਿੰਦਰ ਪਾਲ ਕੌਰ** ਨੇ ਟ੍ਰੇਨਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁਦਰਤੀ ਆਫ਼ਤਾਂ ਅਤੇ ਮਨੁੱਖੀ ਲਾਪਰਵਾਹੀ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਘਰਾਂ, ਹੋਟਲਾਂ, ਢਾਬਿਆਂ, ਸੰਸਥਾਵਾਂ, ਦਫ਼ਤਰਾਂ, ਵਾਹਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਗੈਸ, ਬਿਜਲੀ, ਪੈਟਰੋਲੀਅਮ ਅਤੇ ਹੋਰ ਜਲਣਸ਼ੀਲ ਪਦਾਰਥਾਂ ਦੀ ਵਰਤੋਂ ਹੋਣ ਕਾਰਨ ਹਰ ਵਿਅਕਤੀ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਅਤੇ ਫਾਇਰ ਸੇਫਟੀ ਦੀ ਟ੍ਰੇਨਿੰਗ ਲੈਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਹਰ ਸੰਸਥਾ ਅਤੇ ਇਲਾਕੇ ਵਿੱਚ ਆਫ਼ਤ ਪ੍ਰਬੰਧਨ ਟੀਮਾਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਅਤੇ ਸਮੇਂ-ਸਮੇਂ 'ਤੇ ਮੌਕ ਡਰਿੱਲਾਂ ਕਰਵਾ ਕੇ ਲੋਕਾਂ ਨੂੰ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ ਰੱਖਣਾ ਚਾਹੀਦਾ ਹੈ।
