ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਪੰਡਵਾਲਾ ਤੋਂ ਤੀਰਥ ਯਾਤਰੀਆਂ ਦੀ ਦਸਵੀਂ ਬੱਸ ਰਵਾਨਾ

ਡੇਰਾਬੱਸੀ, 10 ਮਾਰਚ:- ਹਲਕਾ ਡੇਰਾਬੱਸੀ ਤੋਂ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਅੱਜ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਹਲਕੇ ਦੇ ਪਿੰਡ ਪੰਡਵਾਲਾ ਤੋਂ ਸ਼ਰਧਾਲੂਆਂ ਦੀ ਦਸਵੀਂ ਬੱਸ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਪ੍ਰਮੁੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ। ਰਵਾਨਗੀ ਤੋਂ ਪਹਿਲਾਂ ਵਿਧਾਇਕ ਰੰਧਾਵਾ ਵੱਲੋਂ ਸਾਰੇ ਯਾਤਰੀਆਂ ਦੀ ਸੁੱਖ-ਸਲਾਮਤੀ, ਚੰਗੀ ਯਾਤਰਾ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਸਰਕਾਰ ਦੀ ਇੱਕ ਲੋਕ-ਭਲਾਈ ਸਕੀਮ ਹੈ, ਜਿਸ ਦਾ ਮਕਸਦ ਬਜ਼ੁਰਗਾਂ ਅਤੇ ਸ਼ਰਧਾਲੂਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦੀ ਸੁਵਿਧਾ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸੇਵਾ ਨੂੰ ਖਾਸ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਇਹ ਯੋਜਨਾ ਉਸਦਾ ਜੀਤਾ ਜਾਗਦਾ ਉਦਾਹਰਨ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਯੋਜਨਾ ਨਾਲ ਹਲਕੇ ਦੇ ਬਜ਼ੁਰਗਾਂ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ ਕਿਉਂਕਿ ਹੁਣ ਉਹ ਸਰਕਾਰ ਦੀ ਸਹਾਇਤਾ ਨਾਲ ਆਸਾਨੀ ਨਾਲ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕੇ ਤੋਂ ਲਗਾਤਾਰ ਸ਼ਰਧਾਲੂਆਂ ਦੀਆਂ ਬੱਸਾਂ ਇਸ ਯੋਜਨਾ ਤਹਿਤ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ, ਵਰਕਰਾਂ ਅਤੇ ਇਲਾਕੇ ਦੇ ਨਿਵਾਸੀਆਂ ਵੱਲੋਂ ਵੀ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦੇ ਕੇ ਰਵਾਨਾ ਕੀਤਾ ਗਿਆ।