ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਵਿਚਾਰ ਚਰਚਾ 24 ਨੂੰ

ਜਲੰਧਰ:- 24 ਮਈ 1896 ਨੂੰ ਪਿੰਡ ਸਰਾਭਾ (ਲੁਧਿਆਣਾ) ਵਿਖੇ ਜਨਮੇ ਅਤੇ 16 ਨਵੰਬਰ 1916 ਨੂੰ ਕੇਂਦਰੀ ਜੇਲ੍ਹ ਲਾਹੌਰ ਵਿਖੇ ਫਾਂਸੀ ਲਗਾ ਦਿੱਤੇ ਗਏ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 130ਵੇਂ ਜਨਮ ਦਿਹਾੜੇ ਮੌਕੇ 24 ਮਈ 2026 ਦਿਨ ਐਤਵਾਰ ਸਵੇਰੇ 11:00 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਉਹਨਾਂ ਦੀ ਘਾਲਣਾ ਨੂੰ ਸਿਜਦਾ ਕਰਨ ਲਈ ਵਿਚਾਰ-ਚਰਚਾ ਸਮਾਗਮ ਕੀਤਾ ਜਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਵਿਚਾਰ ਚਰਚਾ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ (ਡਾ.) ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 'ਮਿਸਾਲੀ ਜੀਵਨ ਅਤੇ ਯੋਗਦਾਨ' ਵਿਸ਼ੇ ਉਪਰ ਆਪਣਾ ਕੁੰਜੀਵਤ ਭਾਸ਼ਣ ਦੇਣਗੇ। 
ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ ਨਜ਼ਰ 'ਚ ਗ਼ਦਰ ਪਾਰਟੀ ਦੇ ਬਾਲ ਜਰਨੈਲ ਕਰਤਾਰ ਸਿੰਘ ਸਰਾਭਾ ਦੀ ਦੇਣ ਆਪਣੇ ਆਪ ਵਿੱਚ ਆਜ਼ਾਦੀ ਦੀ ਤਵਾਰੀਖ਼ ਵਿਚ ਵਿਲੱਖਣ ਇਨਕਲਾਬੀ ਇਤਿਹਾਸ ਦਾ ਸੂਹਾ ਵਰਕਾ ਹੈ ਜਿਹੜਾ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਦਾ ਮਾਰਗ ਦਰਸ਼ਕ ਬਣਿਆ ਰਹੇਗਾ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਸ ਵਿਚਾਰ-ਚਰਚਾ ਵਿੱਚ ਸ਼ਾਮਲ ਹੋਣ ਲਈ ਸਮੂਹ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ।