ਮੌੜ ਕਲਾਂ ਵਾਸੀਆਂ ਵੱਲੋਂ ਐਸ ਡੀ ਐਮ ਦਫਤਰ ਅੱਗੇ ਪੁਤਲੇ ਫੂਕ ਰੋਸ ਪ੍ਰਦਰਸ਼ਨ
ਪੈਗ਼ਾਮ ਏ ਜਗਤ/ਮੌੜ ਮੰਡੀ,13 ਅਕਤੂਬਰ- ਮੌੜ ਕਲਾਂ ਵਾਸੀਆਂ ਵੱਲੋਂ ਅੱਜ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਦਾ ਹੱਲ ਨਾ ਹੋਣ ਕਾਰਨ ਐਸ ਡੀ ਐਮ ਦਫਤਰ ਅੱਗੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੇ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮੌੜ ਕਲਾਂ ਦਾ ਮੇਨ ਰਸਤਾ ਜਿਸ ਤੇ ਆਮ ਆਦਮੀ ਕਲੀਨਿਕ ਤੇ ਇੱਕ ਆਰੋ ਵੀ ਹੈ ਜੋ ਕਿਰਨ ਹਸਪਤਾਲ ਤੋਂ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈ ਉਹ ਸੀਵਰੇਜ਼ ਦੇ ਗੰਦੇ ਪਾਣੀ ਨਾਲ ਡੁੱਬਿਆ ਪਿਆ ਹੈ ਕਿਰਨ ਹਸਪਤਾਲ ਤੋਂ ਲੈਕੇ ਡਿਸਪੈਂਸਰੀ ਤੱਕ ਪਾਣੀ ਦੀ ਨਿਕਾਸੀ ਲਈ ਪਾਈਪ ਪਾਈ ਜਾਵੇ।
ਉਹਨਾਂ ਦੱਸਿਆ ਕਿ ਅਸੀਂ ਧਰਨੇ ਲਗਾਏ, ਮੀਟਿੰਗਾਂ ਵੀ ਕਰਕੇ ਦੇਖ ਲਈਆਂ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਵੀ ਦੇ ਕੇ ਦੇਖ ਲਿਆ ਪਰ ਸਾਡੀ ਨਾ ਤਾਂ ਹਲਕਾ ਵਿਧਾਇਕ ਸੁਣ ਰਿਹਾ ਹੈ ਨਾ ਐਸ ਡੀ ਐਮ ਸਾਹਿਬ ਸੁਣ ਰਹੇ ਨੇ ਤੇ ਨਾ ਹੀ ਨਗਰ ਕੌਂਸਲ ਦੇ ਪ੍ਰਧਾਨ ਅਤੇ ਸੀਵਰੇਜ਼ ਅਧਿਕਾਰੀਆਂ ਸੁਣ ਰਹੇ ਨੇ ਇਸ ਲਈ ਸਾਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਸੀਵਰੇਜ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਅੱਜ ਮੌੜ ਕਲਾਂ ਦੇ ਹਰ ਘਰ ਵਿੱਚ ਡੇਂਗੂ, ਚਿਕਨਗੁਨੀਏ, ਕਾਲੇ ਪੀਲੀਏ ਦੇ ਦੋ ਦੋ ਮਰੀਜ਼ ਪਏ ਹੋਏ ਨੇ ਤੇ ਪਿੰਡ ਵਿੱਚ 300 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੋਈ ਪਈ ਹੈ।
ਗਲੀਆਂ ਵਿੱਚ ਮੱਛਰਾਂ ਦੀ ਭਰਮਾਰ ਹੈ ਆਉਣ ਜਾਣ ਲਈ ਕੋਈ ਸੁੱਕਾ ਰਸਤਾ ਨਹੀਂ ਬਚਿਆ ਹੈ ਆਮ ਆਦਮੀ ਕਲੀਨਿਕ ਵਿੱਚ ਦਵਾਈ ਲਿਆਉਣ ਲਈ ਕੋਈ ਰਸਤਾ ਨਹੀਂ ਹੈ। ਉਹਨਾਂ ਦੱਸਿਆ ਕਿ ਲੱਗਪਗ ਇੱਕ ਸਾਲ ਤੋਂ ਪਿੰਡ ਦੇ ਮੇਨ ਰਸਤੇ ਵਿੱਚ ਪੈਂਦੀਆਂ ਪੁਲੀਆਂ ਬਣਾਉਣ ਦਾ ਲਾਰਾ ਲਾਇਆ ਜਾ ਰਿਹਾ ਹੈ ਸੀਵਰੇਜ਼ ਦਾ ਕੰਮ ਤਾਂ ਛੱਡੋ ਪੁਲੀਆਂ ਬਣਾਉਣ ਦਾ ਕੰਮ ਵੀ ਨਹੀਂ ਕੀਤਾ ਗਿਆ ਹੈ।
ਉਹਨਾਂ ਇਹ ਵੀ ਦੱਸਿਆ ਕਿ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਅਤੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੀ ਆਪਸ 'ਚ ਨਹੀਂ ਬਣਦੀ ਹੈ ਪਰ ਇਸਦਾ ਖਾਮਿਆਜ਼ਾ ਮੌੜ ਕਲਾਂ ਵਾਸੀ ਭੁਗਤ ਰਹੇ ਹਨ। ਕਰੋੜਾਂ ਰੁਪਏ ਖਰਚ ਕਰਕੇ ਸੀਵਰੇਜ਼ ਪਾਈਪ ਲਾਈਨ ਪਾਉਣ ਦਾ ਕੋਈ ਵੀ ਫਾਇਦਾ ਮੌੜ ਕਲਾਂ ਨੂੰ ਨਹੀਂ ਹੋਇਆ ਹੈ ਜਦਕਿ ਬੱਸ ਸਟੈਂਡ ਕੋਲ ਵਾਰਡ ਨੰਬਰ 15 ਦੇ ਸੀਵਰੇਜ ਪਾਈਪ ਲਾਈਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜੋੜਿਆ ਗਿਆ ਹੈ ਤੇ ਪ੍ਰਸ਼ਾਸਨ ਦੋਸੀ਼ਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸਤੋਂ ਬਾਅਦ ਆਗੂਆਂ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਆਰਜੀ ਤੌਰ ਤੇ ਪਾਣੀ ਨੂੰ ਕੱਢਣ ਲਈ ਮੋਟਰ ਲਗਾਉਣ ਦੀ ਗੱਲ ਕੀਤੀ ਗਈ ਪਰ ਪੱਕੇ ਤੌਰ ਤੇ ਕੋਈ ਹੱਲ ਦਾ ਭਰੋਸਾ ਨਹੀ ਦਿੱਤਾ ਤੇ ਸੀਵਰੇਜ਼ ਦੇ ਉੱਥੇ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਕੋਲ ਪਾਣੀ ਕੱਢਣ ਲਈ ਕੋਈ ਮਸੀ਼ਨਰੀ ਹੀ ਨਹੀਂ ਹੈ ਅੱਧਾ ਘੰਟਾ ਚੱਲੀ ਮੀਟਿੰਗ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਤੇ ਆਗੂਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਲਾ ਪ੍ਰੋਗਰਾਮ ਜਲਦ ਉਲਿਕਿਆ ਜਾਵੇਗਾ ਤੇ ਇਸ ਮਸਲੇ ਦੇ ਹੱਲ ਲਈ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਸੰਬੰਧੀ ਜਦੋਂ ਐਸ ਡੀ ਐਮ ਸਾਹਿਬ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੌੜ ਮੰਡੀ, ਮੌੜ ਕਲਾਂ ਤੇ ਮੌੜ ਖੁਰਦ ਦੀ 70-80% ਸੀਵਰੇਜ਼ ਦੇ ਪਾਣੀ ਦੀ ਸਮੱਸਿਆ ਹੱਲ ਹੋ ਚੁੱਕੀ ਹੈ।
ਲੋਕਾਂ ਦੁਆਰਾ ਕੂੜਾ, ਘਾਹ ਫੂਸ ਸੁੱਟਣ ਕਾਰਨ ਪਾਈਪਾਂ ਬਲਾਕ ਹੋ ਜਾਂਦੀਆਂ ਹਨ ਅਤੇ ਇਹਨਾਂ ਦੀ ਸਫਾਈ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ ਪੀਣ ਵਾਲੇ ਸਾਫ ਪਾਣੀ ਦਾ ਟੈਂਡਰ ਲੱਗਿਆ ਹੋਇਆ ਹੈ ਤੇ ਜਲਦ ਹੀ ਪੂਰੇ ਸ਼ਹਿਰ ਨੂੰ ਸਾਫ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਵਾਰਡ ਨੰਬਰ 15 ਦੇ ਸੀਵਰੇਜ ਪਾਈਪ ਲਾਈਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜੋੜਨ ਦੇ ਸਵਾਲ ਵਿੱਚ ਉਹਨਾਂ ਕਿਹਾ ਕਿ ਇਸ ਸੰਬੰਧੀ ਸਾਨੂੰ ਸ਼ਿਕਾਇਤ ਮਿਲੀ ਹੈ ਤੇ ਸਾਡੀ ਪੜਤਾਲ ਜਾਰੀ ਹੈ ਤੇ ਦੋਸੀ਼ਆ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਰਮਨਦੀਪ ਸਿੰਘ ਰਮਨਾ,ਰਾਜਵਿੰਦਰ ਸਿੰਘ ਰਾਜੀ ਆਗੂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਪ੍ਰਗਟ ਸਿੰਘ ਕਲੱਬ ਪ੍ਰਧਾਨ, ਜੱਗਾ ਸਿੰਘ, ਮੰਗਾ ਸਿੰਘ, ਲਖਵੀਰ ਸਿੰਘ, ਹੈਪੀ ਜੈਦ, ਸੋਨੀ ਬਾਵਾ, ਗੁਰਜੰਟ ਸਿੰਘ ਆਗੂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਰਾਜ ਸਿੰਘ, ਲਖਵਿੰਦਰ ਸਿੰਘ ਨਾਜੀ਼, ਜਸਕਰਨ ਸਿੰਘ ਨੰਬਰਦਾਰ, ਨਰੈਣ ਸਿੰਘ, ਗੁਰਚਰਨ ਸਿੰਘ ਸਾਬਕਾ ਐਮ ਸੀ, ਗੁਰਚਰਨ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਰਿੰਕੂ ਸਿੰਘ ਆਗੂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਕਾਲਾ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
