ਮਹਾਰਾਸ਼ਟਰ ਨਗਰ ਕੌਂਸਲ ਤੇ ਪਰਿਸ਼ਦ ਚੋਣਾਂ ਭਾਜਪਾ ਦੀ ਰਿਕਾਰਡ ਜਿੱਤ
ਨਾਗਪੁਰ:- ਭਾਜਪਾ ਨੇ ਮਹਾਰਾਸ਼ਟਰ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਰਿਕਾਰਡ ਕਾਇਮ ਕੀਤਾ ਹੈ। ਭਾਜਪਾ ਦੇ 48 ਫੀਸਦੀ ਕੌਂਸਲਰ ਪਾਰਟੀ ਦੇ ਚਿੰਨ੍ਹ ’ਤੇ ਚੋਣ ਜਿੱਤੇ ਹਨ ਅਤੇ ਇਸ ਦੇ ਉਮੀਦਵਾਰ 129 ਨਗਰ ਕੌਂਸਲਾਂ ਵਿੱਚ ਪ੍ਰਧਾਨ ਚੁਣੇ ਗਏ ਹਨ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਭਾਜਪਾ ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਕਜੁੱਟਤਾ ਅਤੇ ਸਰਕਾਰ ਦੇ ਵਿਕਾਸ ਏਜੰਡੇ ਕਾਰਨ ਮਹਯੁਤੀ ਗੱਠਜੋੜ ਨੂੰ ਮਿਉਂਸਪਲ ਕੌਂਸਲਾਂ ਤੇ ਨਗਰ ਪੰਚਾਇਤ ਚੋਣਾਂ ’ਚ ਕਾਮਯਾਬੀ ਮਿਲੀ ਹੈ।
ਸ੍ਰੀ ਫੜਨਵੀਸ ਨੇ ਕਿਹਾ ਕਿ ਭਾਜਪਾ ਇੱਕ ਫਿਰ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਭਾਜਪਾ ਦੇ 3,300 ਕੌਂਸਲਰ ਚੁਣੇ ਗਏ ਹਨ ਜੋ ਇਕ ਰਿਕਾਰਡ ਹੈ। 75 ਫ਼ੀਸਦ ਨਗਰ ਪਰਿਸ਼ਦਾਂ ’ਚ ਮਹਾਯੁਤੀ ਦੇ ਉਮੀਦਵਾਰ ਪ੍ਰਧਾਨ ਚੁਣੇ ਗਏ ਹਨ। ਦੂਜੇ ਪਾਸੇ ਵਿਰੋਧੀ ਧਿਰ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਪੈਸੇ ਦੇ ਜ਼ੋਰ ਨਾਲ ਚੋਣਾਂ ਜਿੱਤੀਆਂ ਹਨ। ਵਿਰੋਧੀ ਪਾਰਟੀਆਂ ਨੇ ਕਿਹਾ ਕਿ ਈਵੀਐਮ ਨਾਲ ਛੇੜਛਾੜ ਜ਼ਰੀਏ ਹੀ ਚੋਣਾਂ ਜਿੱਤੀਆਂ ਗਈਆਂ ਹਨ।
ਵਿਰੋਧੀ ਧਿਰ ਕਾਂਗਰਸ ਅਤੇ ਸ਼ਿਵ ਸੈਨਾ (ਯੂਬੀਟੀ) ਨੇ ਚੋਣ ਕਮਿਸ਼ਨ ’ਤੇ ਸੱਤਾਧਾਰੀ ਮਹਾਯੁਤੀ ਦੀ ਜਿੱਤ ਵਿਚ ਮਦਦ ਕਰਨ ਦਾ ਦੋਸ਼ ਲਗਾਇਆ। ਕਾਂਗਰਸ ਦੇ ਸੂੁਬਾ ਪ੍ਰਧਾਨ ਹਰਸ਼ਵਰਧਨ ਸਪਕਲ ਨੇ ਨਗਰਪਾਲਿਕਾ ਪ੍ਰਧਾਨ ਅਤੇ ਕੌਂਸਲਰਾਂ ਦੇ ਅਹੁਦੇ ਜਿੱਤਣ ਵਾਲੇ ਪਾਰਟੀ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਚੋਣਾਂ ਵਿੱਚ ਸੱਤਾਧਾਰੀ ਮਹਾਯੁਤੀ ਗਠਜੋੜ ਦੀ ਮਦਦ ਕਰਨ ਲਈ ਚੋਣ ਸੰਸਥਾ ਨੂੰ ਵਧਾਈ ਦਿੱਤੀ।
