ਪਿੰਡ ਮਾਹਿਲ ਗਹਿਲਾਂ ਵਿਖੇ ਸ਼ਾਨੋਸ਼ੌਕਤ ਨਾਲ ਕਰਵਾਇਆ ਮਹਾਂਕੁਸ਼ਤੀ ਦੰਗਲ

ਹੁਸ਼ਿਆਰਪੁਰ:- ਸਮੂਹ ਐਨ.ਆਰ.ਆਈ. ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਚੌਤਾ ਜੀ ਪਿੰਡ ਮਾਹਿਲ ਗਹਿਲਾ ਵਿਖੇ ਮਹਾਂਕੁਸ਼ਤੀ ਦੰਗਲ ਸ਼ਾਨੋ-ਸ਼ੌਕਤ ਦੇ ਨਾਲ ਕਰਵਾਇਆ ਗਿਆ। ਮਹਾਂਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਪਹਿਲਵਾਨ ਰਾਜਿੰਦਰ ਸਿੰਘ ਕਨੇਡਾ ਦੀ ਅਗਵਾਈ ਅਤੇ ਸਾਬਕਾ ਚੀਫ ਕੁਸ਼ਤੀ ਕੌਚ ਭਾਰਤ ਪੀ.ਆਰ. ਸੌਂਧੀ ਦੀ ਦੇਖ-ਰੇਖ ਹੇਠ ਦੇਸ਼-ਵਿਦੇਸ਼ ਤੋਂ ਪਹੁੰਚੇ ਨਾਮਵਰ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਇਸ ਦੌਰਾਨ 90+ ਕਿਲੋ ਭਾਰ ਵਰਗ ਮੁਕਾਬਲੇ ‘ਚ ਪਹਿਲਵਾਨ ਕਰਨਵੀਰ ਸਿੰਘ ਮਾਹਿਲ ਕਨੇਡਾ ਨੇ ਜਸਟਿਨ ਸਿੱਧੂ ਫਗਵਾੜਾ ਨੂੰ ਹਰਾ ਕੇ ਰੁਸਤਮ-ਏ-ਪੰਜਾਬ ਖਿਤਾਬ ਆਪਣੇ ਨਾਮ ਕੀਤਾ। 
ਜਦਕਿ 90 ਕਿਲੋ ਭਾਰ ਵਰਗ ਵਿੱਚ ਕਰਨਵੀਰ ਫਗਵਾੜਾ ਨੇ ਹਰਵਿੰਦਰ ਜਲੰਧਰ ਨੂੰ ਹਰਾਇਆ ਅਤੇ ਸ਼ੇਰ-ਏ-ਪੰਜਾਬ ਟਾਈਟਲ ਜਿੱਤਿਆ। ਇਸੇ ਤਰ੍ਹਾਂ ਸਿਤਾਰੇ ਪੰਜਾਬ ਦਾ ਖਿਤਾਬ ਜਸਕਰਨ ਪਟਿਆਲਾ ਨੇ ਅਭਿਸ਼ੇਕ ਰਾਣਾ ਭਗਤਾ ਭਾਈ ਕਾ ਨੂੰ ਹਰਾ ਕੇ ਆਪਣੇ ਨਾਮ ਕੀਤਾ। ਜੇਤੂ ਪਹਿਲਵਾਨਾਂ ਨੂੰ ਕ੍ਰਮਵਾਰ 25 ਹਜਾਰ, 11 ਹਜਾਰ ਅਤੇ 7 ਹਜਾਰ ਰੁਪਏ ਨਗਦ ਪੁਰਸਕਾਰ ਦੇ ਨਾਲ ਸਨਮਾਨ ਵਜੋਂ ਗੁਰਜ ਭੇਟ ਕੀਤੇ ਗਏ। ਮੁੱਖ ਪ੍ਰਬੰਧਕ ਪਹਿਲਵਾਨ ਕਰਨਵੀਰ ਸਿੰਘ ਨੇ ਇਸ ਮਹਾਂਕੁਸ਼ਤੀ ਦੰਗਲ ਨੂੰ ਸਫਲ ਬਨਾਉਣ ਲਈ ਸਮੂਹ ਐਨ.ਆਰ.ਆਈਜ ਅਤੇ ਕੋਚ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। 
ਉਹਨਾਂ ਦੱਸਿਆ ਕਿ ਇਸ ਮਹਾਂਕੁਸ਼ਤੀ ਦੰਗਲ ਨੂੰ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਪੰਜਾਬ ਦੀ ਰਵਾਇਤੀ ਖੇਡ ਕੁਸ਼ਤੀ ਪ੍ਰਤੀ ਉਤਸ਼ਾਹਤ ਕਰਨਾ ਹੈ। ਉਹਨਾਂ ਦੱਸਿਆ ਕਿ ਪਿੰਡ ਮਾਹਿਲ ਗਹਿਲਾ ਤੋਂ ਬਹੁਤ ਸਾਰੇ ਨਾਮਵਰ ਪਹਿਲਵਾਨ ਹੋਏ ਹਨ। ਜਿਹਨਾਂ ਵਿੱਚ ਮੁੱਖ ਤੌਰ ਤੇ ਪਹਿਲਵਾਨ ਬਲਦੇਵ ਸਿੰਘ ਮਾਹਿਲ, ਮੋਹਨ ਸਿੰਘ ਪਹਿਲਵਾਨ, ਤਾਰ ਪਹਿਲਵਾਨ, ਧੰਨਾ ਪਹਿਲਵਾਨ, ਪ੍ਰਕਾਸ਼ ਪਹਿਲਵਾਨ ਅਤੇ ਨਰਿੰਦਰ ਸਿੰਘ ਬੱਲੀ ਯੂ.ਐਸ.ਏ. ਸ਼ਾਮਲ ਹਨ। ਜਿਹਨਾਂ ਨੇ ਕੌਮੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਪਿੰਡ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। 
ਪਿੰਡ ਦੀ ਰਵਿੰਦਰ ਸਿੰਘ ਮਾਹਿਲ ਮੈਮੋਰੀਅਲ ਕਲੱਬ ਵਲੋਂ ਕੁਸ਼ਤੀ ਨੂੰ ਪ੍ਰਫੁੱਲਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਚੀਫ ਕੁਸ਼ਤੀ ਕੋਚ ਪੀ.ਆਰ. ਸੌਂਧੀ ਨੇ ਦੱਸਿਆ ਕਿ ਇਸ ਮਹਾਂਕੁਸ਼ਤੀ ਦੰਗਲ ਵਿੱਚ ਰੁਸਤਮ-ਏ-ਪੰਜਾਬ ਟਾਈਟਲ ਜਿੱਤਣ ਵਾਲਾ ਪਹਿਲਵਾਨ ਕਰਨਵੀਰ ਸਿੰਘ ਮਾਹਿਲ ਇਸ ਮਹਾਂਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਰਾਜਿੰਦਰ ਸਿੰਘ ਮਾਹਿਲ ਕਨੇਡਾ ਦਾ ਹੋਣਹਾਰ ਸਪੁੱਤਰ ਅਤੇ ਕਾਮਰੇਡ ਮਹਿੰਗਾ ਸਿੰਘ ਦਾ ਪੋਤਰਾ ਹੈ। ਜਿਸਨੇ ਪੈਨ ਅਮਰੀਕਨ ਗੋਲਡ ਮੈਡਲ ਵੀ ਜਿੱਤਿਆ ਹੈ। 
ਇਸ ਮੌਕੇ ਸਰਬਜੀਤ ਸਿੰਘ ਯੂ.ਐਸ.ਏ., ਕਿਰਪਾਲ ਸਿੰਘ ਰਾਏਪੁਰ ਡੱਬਾ, ਰਿਟਾ. ਪਿ੍ਰੰਸੀਪਲ ਸੁਰਿੰਦਰ ਸਿੰਘ ਬੀਸਲਾ, ਕੋਚ ਗੁਰਮੀਤ ਸਿੰਘ, ਕੋਚ ਅਮਰੀਕ ਸਿੰਘ, ਕੋਚ ਬੀਰਾ, ਕੋਚ ਗੁਰਪ੍ਰੀਤ ਕੌਰ, ਕੋਚ ਜਤਿਨ ਸ਼ੁਕਲਾ, ਕੋਚ ਬਲਵੀਰ ਸੌਂਧੀ, ਕੋਚ ਪੁਰਸ਼ੋਤਮ ਬੱਲੀ, ਕੋਚ ਸੰਨੀ ਰਾਏਪੁਰ ਡੱਬਾ ਤੋਂ ਇਲਾਵਾ ਜਿਲਾ ਕਪੂਰਥਲਾ ਕੁਸ਼ਤੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਰੀਤ ਪ੍ਰੀਤ ਪਾਲ ਸਿੰਘ ਆਦਿ ਹਾਜਰ ਸਨ।