ਦਿੜ੍ਹਬਾ ਵਿਖੇ ਸਹਾਇਕ ਧੰਦਾ ਅਪਣਾਉਣ ਵਾਲੇ ਲੋਕਾਂ ਲਈ ਲੋਨ ਮੇਲਾ
ਦਿੜ੍ਹਬਾ, 01 ਜੁਲਾਈ:- ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਡੇ ਉਪਰਾਲੇ ਨਾਲ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਦਿੜ੍ਹਬਾ ਵਿਖੇ ਐਸ.ਡੀ.ਐਮ. ਤਰਸੇਮ ਚੰਦ ਦੀ ਅਗਵਾਈ ਵਿੱਚ ਸਹਾਇਕ ਧੰਦੇ ਅਪਣਾਉਣ ਵਾਲੇ ਲੋਕਾਂ ਲਈ ਲੋਨ ਮੇਲਾ ਲਗਾਇਆ ਗਿਆ।
ਇਸ ਮੇਲੇ ਦੌਰਾਨ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਸਹਾਇਕ ਧੰਦੇ ਅਪਣਾਉਣ ਵਾਲੇ ਲੋਕਾਂ ਲਈ ਲੋਨ ਲੈਣ ਅਤੇ ਸ਼ਰਤਾਂ ਪੂਰੀਆਂ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਸਹਾਇਕ ਧੰਦੇ ਅਪਣਾਉਣ ਵਾਲੇ ਲੋਕਾਂ ਵੱਲੋਂ ਪਿਛਲੇ ਮਹੀਨੇ ਲਗਾਈ ਗਈ ਟ੍ਰੇਨਿੰਗ ਦੌਰਾਨ ਟ੍ਰੇਨਿੰਗ ਪੂਰੀ ਕਰਨ ਉਪਰੰਤ ਸਰਟੀਫਿਕੇਟ ਵੀ ਵੰਡੇ ਗਏ।
ਐਸ.ਡੀ.ਐਮ. ਸ਼੍ਰੀ ਤਰਸੇਮ ਚੰਦ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਵਿਸ਼ੇਸ਼ ਨਿਰਦੇਸ਼ਾਂ 'ਤੇ ਲੋਕਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਲਈ ਵੱਖ ਵੱਖ ਵਿਭਾਗਾਂ ਵਿੱਚ ਟ੍ਰੇਨਿੰਗ ਕੈਂਪ ਵੀ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਧੰਦਿਆਂ ਵਿੱਚ ਭੇਡ ਪਾਲਣ, ਬੱਕਰੀ ਪਾਲਣ, ਸੂਰ ਪਾਲਣ ਅਤੇ ਡੇਅਰੀ ਦੇ ਨਾਲ ਖੁੰਭਾਂ ਦੀ ਕਾਸ਼ਤ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਉਹਨਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੂੰ ਪਿਛਲੇ ਮਹੀਨੇ ਟ੍ਰੇਨਿੰਗ ਦਿੱਤੀ ਗਈ ਸੀ। ਉਹਨਾਂ ਨੂੰ ਅੱਜ ਸਰਟੀਫਿਕੇਟ ਵੰਡਣ ਉਪਰੰਤ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਵੱਲੋਂ ਲੋਨ ਦਿੱਤੇ ਜਾਣ ਦੀਆਂ ਸ਼ਰਤਾਂ ਅਤੇ ਆਸਾਨੀ ਨਾਲ ਲੋਨ ਦਿੱਤੇ ਜਾਣ ਦੇ ਰਾਹ ਬਾਰੇ ਵੀ ਜਾਣਕਾਰੀ ਦਿੱਤੀ ਗਈ। ਲੋਨ ਲੈਣ ਲਈ ਸ਼ਰਤਾਂ ਦੇ ਨਾਲ ਸਬਸਿਡੀ ਦਿੱਤੇ ਜਾਣ ਦੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਡੇਅਰੀ ਫਾਰਮ ਜਾਂ ਖੁੰਭਾਂ ਦੀ ਕਾਸ਼ਤ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹੈ ਜਾਂ ਟ੍ਰੇਨਿੰਗ ਕਰਨਾ ਚਾਹੁੰਦਾ ਹੈ ਤਾਂ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਹਜ਼ਾਰ ਰੁਪਏ ਫੀਸ ਦੇ ਨਾਲ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਲਈ ਟ੍ਰੇਨਿੰਗ ਬਿਲਕੁਲ ਫ੍ਰੀ ਹੋਵੇਗੀ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਧੰਦੇ ਅਪਣਾਉਣ ਲਈ ਸਰਕਾਰ ਵੱਲੋਂ ਬਹੁਤ ਘੱਟ ਸ਼ਰਤਾਂ ਉੱਤੇ ਲੋਨ ਦਿੱਤਾ ਜਾਵੇਗਾ। ਇਹ ਹਦਾਇਤ ਵੀ ਕੀਤੀ ਗਈ ਕਿ ਲੋਨ ਨੂੰ ਸਹੀ ਢੰਗ ਨਾਲ ਵਰਤਿਆ ਜਾਵੇ ਤੇ ਆਪਣੇ ਧੰਦੇ ਨੂੰ ਅੱਗੇ ਵਧਾਇਆ ਜਾਵੇ, ਜਿਸ ਨਾਲ ਲੋਕ ਲੱਖਾਂ ਰੁਪਏ ਕਮਾ ਸਕਦੇ ਹਨ। ਇਸ ਦੇ ਨਾਲ ਰੁਜ਼ਗਾਰ ਲਈ ਬਾਹਰਲੇ ਦੇਸ਼ ਜਾਣ ਵਾਲੇ ਲੋਕਾਂ ਲਈ ਵੀ ਇਹ ਸੰਦੇਸ਼ ਹੈ ਕਿ ਆਪਣੇ ਦੇਸ਼ ਵਿੱਚ ਰਹਿ ਕੇ ਹੀ ਆਪਣਾ ਕੰਮ ਕੀਤਾ ਜਾਵੇ।
ਇਸ ਮੌਕੇ ਵਿੱਤ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਦੇ ਦਫਤਰ ਇੰਚਾਰਜ ਰਣਜੀਤ ਸਿੰਘ ਖੇਤਲਾ, ਵੈਟਨਰੀ ਅਫਸਰ ਡਾ. ਪਰਵਿੰਦਰ ਸਿੰਘ ਚੋਪੜਾ, ਵਿਸ਼ਾਲਦੀਪ ਸਿੰਘ, ਵੈਟਰਨਰੀ ਅਫਸਰ ਕੌਹਰੀਆਂ ਨਵੀਨ ਕੁਮਾਰ, ਡਾ.ਅਮਨਿੰਦਰ ਕੌਰ, ਡਾ. ਅਨੂਰੀਤ ਕੌਰ ਅਤੇ ਵੱਖ ਵੱਖ ਬੈਂਕਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
