ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਪ੍ਰਬੰਧਨ ਸਬੰਧੀ ਲਗਾਇਆ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ

ਹੁਸ਼ਿਆਰਪੁਰ- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇਸ ਗੱਲ ‘ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਕਿਸਾਨ ਪਰਾਲੀ ਨੁੰ ਅੱਗ ਨਾ ਲਾਉਣ ਅਤੇ ਮੁਹਿੰਮ ਰੂਪ ਵਿੱਚ ਸਿਫਾਰਿਸ਼ ਤਕਨੀਕਾਂ ਅਪਣਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ। ਇਸੇ ਲੜੀ ਅਧੀਨ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਕੇ.ਵੀ.ਕੇ. ਕੈਂਪਸ ਵਿਖੇਪਰਾਲੀ ਪ੍ਰਬੰਧਨ ਸਬੰਧੀ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਨਿਰਦੇਸ਼ਕ ਆਈ.ਸੀ.ਏ.ਆਰ.ਅਟਾਰੀ ਲੁਧਿਆਣਾ ਡਾ. ਪਰਵਿੰਦਰ ਸ਼ਿਉਰਾਣ ਤੇ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਦਪਿੰਦਰ ਸਿੰਘ ਵੀ ਮੌਜੂਦ ਸਨ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਨੇ ਪੰਜਾਬ ਸਰਕਾਰ ਦੀ ਕਿਸਾਨ ਭਲਾਈ ਬਾਬਤ ਵਚਨਬੱਧਤਾ ਦੋਹਰਾਈ ਅਤੇ ਇਸ ਬਾਬਤ ਸਰਕਾਰੀ ਸਹੂਲਤਾਂ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀ ਆਰਥਿਕਤਾ ਕਿਸਾਨੀ ‘ਤੇ ਨਿਰਭਰ ਹੈ ਅਤੇ ਪੰਜਾਬ ਸਰਕਾਰ ਖੇਤੀਬਾੜੀ ਦੀ ਬਿਹਤਰੀ ਲਈ ਹਰੇਕ ਜ਼ਰੂਰੀ ਕਦਮ ਚੁੱਕ ਰਹੀ ਹੈ।
 ਉਨ੍ਹਾਂ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਦੁਆਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਖੇਤੀਬਾੜੀ ਬਾਬਤ ਨਵੀਨਤਮ ਸਿਫਾਰਿਸ਼ਾਂ ਨੂੰ ਅਪਣਾਇਆ ਜਾਵੇ, ਖਾਸ ਕਰ ਕੁਦਰਤੀ ਸਰੋਤਾਂ ਦੀ ਸੰਭਾਲ ਤਕਨੀਕਾਂ। ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਇਲਾਕੇ ਦੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਇਸ ਦੀਆਂ ਸੇਵਾਵਾਂ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਪੂਰਾ ਲਾਭ ਲੈਣ ਲਈ ਪ੍ਰੇਰਿਆ।
ਕੈਂਪ ਵਿੱਚ ਪਹੁੰਚੇ ਮਹਿਮਾਨਾਂ ਤੇ ਕਿਸਾਨਾਂ ਦਾ ਸਵਾਗਤ ਕਰਦਿਆਂ ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਕਿਸਾਨ ਭਲਾਈ ਸਬੰਧੀ ਕੇਂਦਰ ਦੀਆਂ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੁਹਿੰਮ ਰੂਪ ਵਿੱਚ ਪਰਾਲੀ ਪ੍ਰਬੰਧਨ ਬਾਬਤ ਪਿੰਡਾਂ, ਸਕੂਲਾਂ/ਕਾਲਿਜਾਂ ਵਿੱਚ ਜਾਗਰੂਕਤਾ ਕੈਪ, ਸਿਖਲਾਈ ਪ੍ਰੋਗਰਾਮ, ਪ੍ਰਦਰਸ਼ਨੀਆਂ ਅਤੇ ਹੋਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਡਾ. ਬੌਂਸ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਸਰਬੋਤਮ ਕਾਰਜਕੁਸ਼ਲਤਾ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਸਾਂਝੇ ਤੌਰ ‘ਤੇ ਅਤੇ ਵੱਧ ਤੋਂ ਵੱਧ ਕੀਤੀ ਜਾਵੇ।
ਨਿਰਦੇਸ਼ਕ ਆਈ.ਸੀ.ਏ.ਆਰ.ਅਟਾਰੀ ਲੁਧਿਆਣਾ ਡਾ. ਪਰਵਿੰਦਰ ਸ਼ਿਉਰਾਣ ਨੇ ਕਿਹਾ ਕਿ ਪਰਾਲੀ ਸੰਭਾਲਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨ ਆਪਣੇ ਇਲਾਕੇ ਅਤੇ ਜ਼ਮੀਨ ਅਨੁਸਾਰ ਵੱਖ-ਵੱਖ ਤਕਨੀਕਾਂ ਅਪਣਾ ਕੇ ਪਰਾਲੀ ਨੂੰ ਸੰਭਾਲਣ ਅਤੇ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੇ ਇਸ ਨੇਕ ਕਾਰਜ ਦੀ ਸਫਲਤਾ ਲਈ ਮੁਹਿੰਮ ਰੂਪ ਵਿੱਚ ਯੋਗਦਾਨ ਲਈ ਪ੍ਰੇਰਿਤ ਕੀਤਾ।
 ਮੁੱਖ ਖੇਤੀਬਾੜੀ ਅਫ਼ਸਰ ਦਪਿੰਦਰ ਸਿੰਘ ਨੇ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਚਲਾਈ ਮੁਹਿੰਮ ਵਿੱਚ ਭਰਪੂਰ ਯੋਗਦਾਨ ਪਾਉਣ ਵਾਲੇ ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਯਤਨਾਂ ਸਦਕਾ ਇਸ ਸਾਲ ਪਰਾਲੀ ਨੂੰ ਅੱਗ ਲਾਉਣ ਦੇ ਕੇਸ 29 ਤੋਂ ਘੱਟ ਕੇ 15 ਹੀ ਰਹਿ ਗਏ ਹਨ। ਉਨ੍ਹਾਂ ਨੇ ਵਿਭਾਗੀ ਸਕੀਮਾਂ, ਖਾਸ ਕਰ ਪਰਾਲੀ ਪ੍ਰਬੰਧਨ ਬਾਰੇ ਵੀ ਚਾਨਣਾ ਪਾਇਆ ਗਿਆ।
ਕਿਸਾਨਾਂ ਦੀ ਤਕਨੀਕੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵੱਖ-ਵੱਖ ਵਿਸ਼ਿਆਂ ਦੇ ਮਾਹਿਰ, ਕਿਸਾਨਾਂ ਤੇ ਕਿਸਾਨ ਬੀਬੀਆਂ ਨਾਲ ਰੂ-ਬ-ਰੂ ਹੋਏ। ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ. ਪਰਮਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਦੀ ਬਾਇਓ ਗੈਸ ਪਲਾਂਟ, ਊੂਰਜਾ, ਖਾਦ, ਖੁੰਬ ਉਤਪਾਦਨ, ਗੱਤਾ ਉਦਯੋਗ ਤੇ ਪਸ਼ੂ ਖੁਰਾਕ ਵਜੋਂ ਵਰਤੋਂ ਅਤੇ ਪਸ਼ੂਆਂ ਦੀ ਮੌਸਮੀ ਸਾਂਭ-ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ। ਸਹਿਯੋਗੀ ਪ੍ਰੋਫੈਸਰ (ਫ਼ਸਲ ਵਿਗਿਆਨ) ਗੁਰਪ੍ਰਤਾਪ ਸਿੰਘ ਨੇ ਕਣਕ ਦੇ ਕਾਸ਼ਤ ਬਾਬਤ ਜ਼ਰੂਰੀ ਨੁਕਤੇ ਦੱਸੇ। ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ) ਡਾ. ਅਜੈਬ ਸਿੰਘ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਦੀ ਉਤਮ ਕਾਰਜਕੁਸ਼ਲਤਾ ਸਬੰਧੀ ਪਹਿਲੂਆਂ ਬਾਰੇ ਜਾਣੂੰ ਕਰਵਾਇਆ। 
ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਪ੍ਰਭਜੋਤ ਕੌਰ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਸਰਵਪੱਖੀ ਕੀਟ ਪ੍ਰਬੰਧਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਡਾ. ਕਰਮਵੀਰ ਸਿੰਘ ਗਰਚਾ ਨੇ ਪੌਸ਼ਟਿਕ ਘਰੇਲੂ ਬਗੀਚੀ ਤੇ ਖੁੰਭਾਂ ਦੀ ਕਾਸ਼ਤ ਬਾਰੇ ਦੱਸਿਆ ਅਤੇ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ. ਸੁਖਦੀਪ ਕੌਰ ਨੇ ਪੌਸ਼ਟਿਕ ਖੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।
ਕੈਂਪ ਵਿੱਚ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਉਨ੍ਹਾਂ ਨੇ ਪਰਾਲੀ ਪ੍ਰਬੰਧਨ ਬਾਬਤ ਆਪਣੇ ਤਜਰਬੇ ਵੀ ਸਾਂਝੇ ਕੀਤੇ। ਮਹਿਮਾਨਾਂ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਪਿਛਲੇ ਸਾਲਾਂ ਤੋਂ ਪਰਾਲੀ ਪ੍ਰਬੰਧਨ ਵਿੱਚ ਕੀਤੇ ਮਹੱਤਵਪੂਰਣ ਉਪਰਾਲਿਆਂ ਬਾਬਤ ਸਨਮਾਨਿਤ ਵੀ ਕੀਤਾ ਗਿਆ।
ਕਿਸਾਨਾਂ ਦੀ ਸਹੂਲਤ ਲਈ ਕਣਕ, ਗੋਭੀ, ਸਰੋਂ ਦੇ ਬੀਜ, ਕਣਕ ਲਈ ਜੀਵਾਣੂੰ ਖਾਦ ਦਾ ਟੀਕਾ, ਪਸ਼ੂਆਂ ਲਈ ਧਾਤਾਂ ਦਾ ਚੂਰਾ, ਪਸ਼ੂ ਚਾਟ ਇੱਟ ਅਤੇ ਖੇਤੀ ਸਾਹਿੱਤ ਵੀ ਉਪਲੱਬਧ ਕਰਵਾਇਆ ਗਿਆ।
ਅਖੀਰ ਵਿੱਚ ਸਰਪੰਚ ਪਿੰਡ ਬਾਹੋਵਾਲ ਹਰਦੀਪ ਸਿੰਘ ਨੇ ਇਸ ਕੈਂਪ ਵਿੱਚ ਪਹੁੰਚੇ ਮਹਿਮਾਨਾਂ, ਮਾਹਿਰਾਂ ਅਤੇ ਕਿਸਾਨ ਤੇ ਕਿਸਾਨ ਬੀਬੀਆਂ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ।