ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਐਤਵਾਰ ਨੂੰ ਕੀਰਤਨ ਦੀਵਾਨ ਸਜਾਏ ਗਏ

ਗੜ੍ਹਸ਼ੰਕਰ, 1 ਮਾਰਚ (ਰਾਜਵੀਰ ਚੋਪੜਾ): ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਐਤਵਾਰ ਦੇ ਦਿਨ ਭਾਵਪੂਰਣ ਕੀਰਤਨ ਦੀਵਾਨ ਸਜਾਏ ਗਏ, ਜਿਨ੍ਹਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਮਨਾਈਆਂ।
ਇਸ ਮੌਕੇ ਬਾਬਾ ਕੇਵਲ ਸਿੰਘ ਜੀ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬਸੀ ਗੁਲਾਮ ਹੁਸੈਨ (ਹੁਸ਼ਿਆਰਪੁਰ) ਤੋਂ 4 ਬੱਸਾਂ ਸੰਗਤਾਂ ਦੀਆਂ ਪ੍ਰਧਾਨ ਰਾਮ ਲਭਾਇਆ ਰਾਜੂ ਜੀ ਦੀ ਅਗਵਾਈ ਹੇਠ ਪਹੁੰਚੀਆਂ।
ਇਸ ਤੋਂ ਇਲਾਵਾ ਆਦਮਵਾਲ ਤੋਂ 2 ਬੱਸਾਂ ਅਤੇ ਸੰਤ ਵਿਜੇ ਦਾਸ ਜੀ ਦੀ ਅਗਵਾਈ ਹੇਠ ਡੇਰਾ ਦਾਸ ਰਾਮ ਭਨਾਮ ਤੋਂ 4 ਬੱਸਾਂ ਸੰਗਤਾਂ ਸਮੇਤ ਦਰਸ਼ਨ ਲਈ ਪਹੁੰਚੀਆਂ। ਡੇਰਾ ਬਾਪੂ ਮੰਗਲ ਦਾਸ ਜੀ ਦੇ ਗੱਦੀ ਨਸੀਨ ਸੰਤ ਪ੍ਰੇਮ ਦਾਸ ਜੀ ਵੀ ਸੰਗਤਾਂ ਨਾਲ ਬੱਸਾਂ ਰਾਹੀਂ ਸ਼ਾਮਲ ਹੋਏ। ਨਵੀਂ ਆਬਾਦੀ ਜੱਲੋਵਾਲ ਬੂਟਾ ਮੰਡੀ ਤੋਂ ਵੀ 2 ਬੱਸਾਂ ਸੰਗਤਾਂ ਦੀਆਂ ਪਹੁੰਚੀਆਂ।
ਬਾਬਾ ਨਰੇਸ਼ ਸਿੰਘ ਜੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਵਿੱਚ ਚੱਲ ਰਹੀਆਂ ਕਾਰ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਾਬਾ ਸੁਖਦੇਵ ਸਿੰਘ ਜੀ ਨੇ ਪਹੁੰਚੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।
ਦੀਵਾਨ ਦੌਰਾਨ ਪੂਰੇ ਇਲਾਕੇ ਵਿੱਚ ਧਾਰਮਿਕ ਮਾਹੌਲ ਬਣਿਆ ਰਿਹਾ ਅਤੇ ਸੰਗਤਾਂ ਨੇ ਸ਼ਾਂਤੀ ਅਤੇ ਆਧਿਆਤਮਿਕ ਅਨੰਦ ਦਾ ਅਨੁਭਵ ਕੀਤਾ।